ਭਗਤ ਸਧਨਾ ਜੀ
Bhagat Sadhna Ji
ਬੱਚਿਓ ! ਅੱਜ ਸੁਣੇ ਭਗਤ ਸਧਨਾ ਜੀ ਦੀ ਕਹਾਣੀ। ਸਧਨਾ ਜੀ ਕਸਾਈ ਜਾਤ ਨਾਲ ਸਬੰਧ ਰੱਖਦੇ ਸਨ। ਮਤਲਬ ਇਹ ਕਿ ਆਪ ਬੱਕਰੇ ਵੱਢਣ ਅਤੇ ਵੇਚਣ ਦਾ ਕੰਮ ਕਰਦੇ ਸਨ। ਇਕ ਦਿਨ ਜਦੋਂ ਉਹ ਬੱਕਰੇ ਨੂੰ ਮਾਰਨ ਦੀ ਬਜਾਏ ਉਸਦੇ ਕੇਵਲ ਪਤਾਲੂ ਹੀ ਵੱਢ ਕੇ ਵੇਚਣਾ ਚਾਹੁੰਦੇ ਸਨ ਅਤੇ ਬੱਕਰੇ ਦੀ ਜਾਨ ਸਵੇਰੇ ਕੱਢਣਾ ਚਾਹੁੰਦੇ ਸਨ ਤਾਂ ਬਕਰਾ ਉਨ੍ਹਾਂ ਦੀ ਇਸ ਹਰਕਤ ਤੇ ਹੱਸ ਪਿਆ। ਉਸ ਕੋਲੋਂ ਪੁੱਛਣ ਤੇ ਬੱਕਰੇ ਨੇ ਦੱਸਿਆ ਕਿ ਕਈ ਵਾਰ ਮੈਂ ਬੱਕਰਾ ਬਣਿਆ ਤੇ ਕਈ ਵਾਰ ਤੂੰ। ਤੂੰ ਮੈਨੂੰ ਮਾਰਦਾ ਰਿਹਾ ਅਤੇ ਮੈਂ ਤੈਨੂੰ। ਪਰ ਅੱਜ ਇਹ ਨਵੀਂ ਭਾਜੀ ਪਾਉਣ ਲੱਗਾ ਏਂ।
ਇਸ ਗੱਲ ਤੋਂ ਸਾਧਨਾ ਜੀ ਨੂੰ ਗਿਆਨ ਹੋ ਗਿਆ ਅਤੇ ਉਹਨਾਂ ਮਾਸ ਲੈਣ ਆਏ ਆਦਮੀ ਨੂੰ ਮਾਸ ਦੇਣ ਤੋਂ ਇਨਕਾਰ ਕਰ ਦਿੱਤਾ। ਉਹ ਆਦਮੀ ਰਾਜੇ ਦਾ ਖਾਸ ਬੰਦਾ ਸੀ ਅਤੇ ਉਸਨੇ ਰਾਜੇ ਕੋਲ ਸ਼ਿਕਾਇਤ ਕਰਕੇ ਸਧਨੇ ਨੂੰ ਫੜਾ ਦਿੱਤਾ। ਮਿੰਨਤਾਂ ਕਰਕੇ ਸਧਨਾ ਜੀ ਨੇ ਰਾਜੇ ਤੋਂ ਖਹਿੜਾ ਛੁਡਾਇਆ। ਪਰ ਸਧਨਾ ਜੀ ਦੇ ਫੜੇ ਜਾਣ ਬਾਰੇ ਇਕ ਹੋਰ ਕਥਾ ਇਸ ਤਰ੍ਹਾਂ ਹੈ ਕਿ ਸਧਨਾ ਜੀ ਜਿਸ ਵੱਟੇ ਨਾਲ ਤੋਲਦੇ ਸਨ ਉਹ ਵੱਟਾ ‘ਸਾਲਗ ਰਾਮ’ ਸੀ। ਇਕ ਦਿਨ ਰਾਹ ਜਾਂਦੇ ਇਕ ਸਾਧੂ ਨੇ ਸਧਨਾ ਜੀ ਨੂੰ ਸਾਲਗ ਰਾਮ ਦੇ ਵੱਟੇ ਨਾਲ ਮਾਸ ਤੋਲਦੇ ਵੇਖ ਲਿਆ। ਉਸ ਸਾਧੂ ਨੂੰ ਬੜਾ ਦੁਖ ਹੋਇਆ। ਉਸਨੇ ਸਧਨਾ ਜੀ ਨੂੰ ਦੁਕਾਨ ਤੋਂ ਉਠਾ ਕੇ ਪਾਸੇ ਲਿਜਾ ਕੇ ਜਦੋਂ ਸਮਝਾਇਆ ਕਿ ਤੂੰ ਇਹ ਕੀ ਕੰਮ ਕਰ ਰਿਹਾ ਏਂ। ਪਵਿੱਤਰ ਅਤੇ ਪੂਜਾ ਕਰਨ ਵਾਲੇ ਸਾਲਗ ਰਾਮ ਨੂੰ ਤੂੰ ਮਾਸ ਵਰਗੀ ਅਪਵਿਤੱਰ ਵਸਤੂ ਲਈ ਵਰਤ ਰਿਹਾ ਏਂ। ਇਹ ਨਿਰਾ ਅਪਮਾਨ ਏਂ।
ਬੱਚਿਓ ! ਸਧਨਾ ਜੀ ਮਜਬੂਰਨ ਇਸ ਕੰਮ ਵਿੱਚ ਲੱਗੇ ਹੋਏ ਸਨ ਪਰ ਉਂਝ ਉਹ ਬੜੇ ਸਮਝਦਾਰ ਅਤੇ ਭਗਤੀ-ਭਾਵ ਵਾਲੇ ਸਨ। ਜਦੋਂ ਸਾਧੂ ਨੇ ਦੱਸਿਆ ਕਿ ਉਹ ਤਾਂ ਸਾਲਗ ਰਾਮ ਵੱਟੇ ਨੂੰ ਵਰਤ ਕੇ ਪਾਪ ਕਰ ਰਹੇ ਹਨ ਤਾਂ ਉਹਨਾਂ ਦੇ ਹਿਰਦੇ ਤੇ ਭਾਰੀ ਸੱਟ ਵੱਜੀ। ਜਦੋਂ ਸਧਨਾ ਜੀ ਨੇ ਪੁੱਛਿਆ ਕਿ ਹੁਣ ਕੀ ਕੀਤਾ ਜਾਵੇ ਤਾਂ ਸਾਧੂ ਨੇ ਦੱਸਿਆ ਕਿ ਪਸਚਾਤਾਪ ਕਰੋ ਜੇ ਇਸ ਪਾਪ ਤੋਂ ਬਚਣਾ ਹੈ। ਸਧਨਾ ਜੀ ਕਸਾਈਪੁਣੇ ਦਾ ਕੰਮ ਛੱਡ ਕੇ ਵੈਰਾਗੀ ਹੋ ਗਏ। ਸਾਧੂ ਨੇ ਭਗਤਾਂ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਸਧਨਾ ਜੀ ਦੇ ਮਨ ਨੂੰ ਹੋਰ ਉਦਾਸ ਕਰ ਦਿੱਤਾ।
ਸਧਨਾ ਜੀ ਉਸ ਸਾਧੂ ਦੇ ਨਾਲ ਹੀ ਘਰੋਂ ਨਿਕਲ ਤੁਰੇ। ਤੀਰਥਾਂ ਤੇ ਫਿਰਦੇ ਫਿਰਦੇ ਆਖਰ ਜਗਨਨਾਥ ਪੁਰੀ ਵੱਲ ਤੁਰ ਪਏ। ਜਗਨਨਾਥ ਦੇ ਨੇੜੇ ਪੁੱਜੇ। ਰਸਤੇ ਵਿੱਚ ਕਈ ਰਾਤਾਂ ਬਿਤਾਈਆਂ ਸਨ ਪਰ ਅੱਜ ਦੀ ਰਾਤ ਸਧਨਾ ਜੀ ਦੇ ਡੂੰਘੇ ਇਮਤਿਹਾਨ ਵਾਲੀ ਸੀ। ਮਨ ਠੋਕਰ ਖਾ ਚੁੱਕਾ ਸੀ। ਸਿੱਧੇ ਰਸਤੇ ਪੈ ਕੇ ਹਰ ਸਮੇਂ ਪ੍ਰਭੂ ਦੇ ਸਿਮਰਨ ਵਿੱਚ ਜੁੜਿਆ ਰਹਿੰਦਾ ਸੀ ਪਰ ਮੰਜ਼ਿਲ ਅਜੇ ਦੂਰ ਸੀ।
ਬੱਚਿਓ ! ਸਧਨਾ ਜੀ ਨੂੰ ਭੁੱਖ ਲੱਗੀ। ਉਥੋਂ ਮੰਗ ਕੇ ਪੇਟ ਭਰਨ ਦਾ ਖਿਆਲ ਆਇਆ। ਜਿਸ ਘਰ ਤੋਂ ਰੋਟੀ ਮੰਗੀ ਉਥੇ ਬੈਠ ਕੇ ਹੀ ਖਾ ਲਈ ਅਤੇ ਰਾਤ ਕੱਟਣ ਲਈ ਥਾਂ ਦੀ ਮੰਗ ਕੀਤੀ। ਘਰ ਵਿੱਚ ਮੌਜੂਦ ਇਸਤਰੀ ਨੇ ਹਾਂ ਕਰ ਦਿੱਤੀ।
ਪਰ ਇਹ ਇਸਤਰੀ ਸਧਨਾ ਜੀ ਦੇ ਰੰਗ ਰੂਪ ਨੂੰ ਦੇਖਕੇ ਮੋਹਿਤ ਹੋ ਗਈ। ਸਧਨਾ ਜੀ ਅਜੇ ਨੌਜਵਾਨ ਅਤੇ ਸੁੰਦਰ ਸਨ। ਬੱਸ ਏਸੇ ਕਰਕੇ ਇਸਤਰੀ ਨੇ ਹਾਂ ਕਰ ਦਿੱਤੀ। ਪਰ ਇਹ ਹੈ ਸਭ ਉਸ ਈਸ਼ਵਰ ਦੀ ਖੇਡ ਸੀ। ਜਦੋਂ ਉਹ ਇਸਤਰੀ ਖਾਣਾ ਖਾ ਕੇ ਆਪਣੇ ਪਤੀ ਨੂੰ ਸੁਆ ਕੇ ਹਟੀ ਤਾਂ ਬਾਹਰ ਵਿਹੜੇ ਵਿੱਚ ਸੁੱਤੇ ਸਧਨਾ ਜੀ ਕੋਲ ਆ ਗਈ। ਉਸਨੇ ਸਧਨਾ ਜੀ ਨੂੰ ਜਗਾ ਕੇ ਆਪਣੇ ਰੂਪ ਨਾਲ ਉਹਨਾਂ ਨੂੰ ਮੋਹਿਤ ਕਰਨਾ ਚਾਹਿਆ ਪਰ ਸਧਨਾ ਜੀ ਦਾ ਮਨ ਪੂਰਨ ਵੈਰਾਗੀ ਹੋ ਕੇ ਘਰੋਂ ਤੁਰਿਆ ਸੀ। ਸਧਨਾ ਜੀ ਨੇ ਨਾਂਹ ਕਰਦਿਆਂ ਕਿਹਾ, “ਮੈਂ ਇਕ ਪਾਪ ਵਿੱਚੋਂ ਪਹਿਲਾਂ ਹੀ ਮਸਾਂ ਛੁਟਿਆ ਹਾਂ। ਹੁਣ ਹੋਰ ਵਿੱਚ ਨਾ ਸੁੱਟ। ਰੱਬ ਨੇ ਤੈਨੂੰ ਪਤੀ ਦਿੱਤਾ। ਆਪਣੇ ਪਤੀਬਰਤਾ ਧਰਮ ਵਿੱਚ ਰਹਿ ਕੇ ਜੀਵਨ ਗੁਜ਼ਾਰ। ਮੈਨੂੰ ਮਾਫ ਕਰ ਭੈਣੇ। ਮੈਂ ਤੇਰੇ ਅੱਗੇ ਹੱਥ ਜੋੜਦਾ ਹਾਂ।” ਪਰ ਕਾਮ ਇਕ ਐਸੀ ਬਲਾ ਹੈ ਕਿ ਇਸਤਰੀ ਅਤੇ ਪੁਰਸ਼ ਇਹਦੇ ਵੱਸ ਆਇਆ ਅੰਨਾ ਹੋ ਜਾਂਦਾ ਹੈ। ਇਸਤਰੀ ਨੇ ਸਮਝਿਆ ਕਿ ਸ਼ਾਇਦ ਇਹ ਮੇਰੇ ਪਤੀ ਤੋਂ ਡਰਦਾ ਹੈ। ਉਸ ਕਾਮ-ਵਸ ਇਸਤਰੀ ਨੇ ਜਾ ਕੇ ਆਪਣੇ ਸੁੱਤੇ ਪਏ ਪਤੀ ਦਾ ਸਿਰ ਵੱਢ ਦਿੱਤਾ ਅਤੇ ਸਿਰ ਸਧਨੇ ਕੋਲ ਲੈ ਆਈ ਅਤੇ ਆਖਿਆ ਕਿ ਮੈਂ ਤੇਰੇ ਰਸਤੇ ਦਾ ਰੋੜਾ ਸਾਫ਼ ਕਰ ਦਿੱਤਾ ਹੈ। ਹੁਣ ਮੈਨੂੰ ਗਲੇ ਲਗਾ ਕੇ ਪਿਆਰ ਕਰੋ। ਮੈਂ ਸਾਬਤ ਤੁਹਾਡੀ ਹਾਂ। ਮੇਰਾ ਸਰੀਰ ਤੇ ਘਰ ਬਾਹਰ ਸਭ ਤੁਹਾਡਾ ਹੈ।
ਬੱਚਿਓ ! ਪਰ ਸਧਨਾ ਜੀ ਤਾਂ ਉਸ ਦੇ ਸਾਹਮਣੇ ਲਿਆਂਦੇ ਆਦਮੀ ਦੇ ਸਿਰ ਵੱਲ ਵੇਖਕੇ ਹੀ ਕੰਬ ਉੱਠੇ। ਉਹਨਾਂ ਨੇ ਸੋਚਿਆ ਕਿ ਜਿਸ ਵਿਭਚਾਰਨ ਨੇ ਕਾਮ ਬਦਲੇ ਆਪਣੇ ਪਤੀ ਦਾ ਸਿਰ ਵੱਢ ਸੁੱਟਿਆ ਹੈ। ਮੈਂ ਇਸ ਦਾ ਕੀ ਲਗਦਾ ਹਾਂ ? ਸਧਨਾ ਜੀ ਨੇ ਨਫ਼ਰਤ ਨਾਲ ਉਸ ਵੱਲ ਵੇਖਿਆ ਅਤੇ ਟੌਸ ਤੋਂ ਮੱਸ ਨਾ ਹੋਏ।
ਉਹ ਇਸਤਰੀ ਸਾਰੀ ਰਾਤ ਆਪਣਾ ਪੂਰਾ ਜ਼ੋਰ ਲਾਉਂਦੀ ਰਹੀ ਕਿ ਮੇਰੇ ਸਰੀਰ ਨੂੰ ਮਾਣੇ ਪਰ ਸਧਨਾ ਜੀ ਬੁਕਲ ਮਾਰੀ ਬੈਠੇ ਰਹੇ। ਰਾਤ ਬੀਤ ਗਈ। ਦਿਨ ਚੜਿਆ। ਇਸਤਰੀ ਨੇ ਸੋਚਿਆ ਕਿ ਇਸ ਨੇ ਮੇਰੀ ਕਰਤੂਤ ਲੋਕਾਂ ਨੂੰ ਦੱਸ ਦੇਣੀ ਹੈ। ਇਸ ਲਈ ਉਹਨੇ ਇਕ ਸਕੀਮ ਬਣਾਈ। ਦਿਨ ਚੜੇ ਉਸਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਆਖਣ ਲੱਗੀ ਕਿ ਇਸਨੇ ਮੇਰਾ ਪਤੀ ਮਾਰ ਦਿੱਤਾ ਹੈ। ਇਹ ਮੇਰਾ ਸਤਿ ਭੰਗ ਕਰਨਾ ਚਾਹੁੰਦਾ ਸੀ। ਲੋਕ ਇਕੱਠੇ ਹੋ ਗਏ। ਸਧਨੇ ਨੂੰ ਫੜ ਕੇ ਰਾਜੇ ਦੇ ਪੇਸ਼ ਕੀਤਾ ਗਿਆ।
ਬੱਚਿਓ! ਇਸਤਰੀ ਦੇ ਬਿਆਨਾਂ ਅਨੁਸਾਰ ਸਧਨਾ ਜੀ ਨੂੰ ਕਾਤਿਲ ਮਿਥਿਆ ਗਿਆ। ਪਰ ਇਸ ਗੱਲ ਨੇ ਉਨ੍ਹਾਂ ਦੇ ਮਨ ਤੇ ਐਸਾ ਅਸਰ ਕੀਤਾ ਕਿ ਉਹ ਇਸਤਰੀ ਦੇ ਵਿਰੁੱਧ ਬੋਲਣ ਦੀ ਬਜਾਏ ਪ੍ਰਭੂ ਦੇ ਚਰਨਾਂ ਵੱਲ ਵਧਣ ਲੱਗੇ। ਸਾਰੀ ਰਾਤ ਪ੍ਰਭੂ ਚਿੰਤਨ ਵਿੱਚ ਹੀ ਲੱਗੇ ਰਹੇ।
ਸਧਨਾ ਜੀ ਸੋਚ ਰਹੇ ਸਨ ਕਿ ਮੈਂ ਸੱਚਾ ਹਾਂ। ਫਿਰ ਰੱਬ ਮੇਰੀ ਰੱਖਿਆ ਕਿਉਂ ਨਹੀਂ ਕਰਦਾ ? ਐਨੇ ਚਿਰ ਨੂੰ ਆਕਾਸ਼ ਵਿੱਚੋਂ ਆਵਾਜ਼ ਆਈ ਕਿ ਇਹ ਤੇਰੇ ਕਰਮਾਂ ਦਾ ਫਲ ਹੈ।
ਫਿਰ ਸਧਨਾ ਜੀ ਬੋਲੇ ਕਿ ਪ੍ਰਭੂ ਤੇਰੇ ਸ਼ੇਰ ਦੀ ਸ਼ਰਨ ਆਉਣ ਦਾ ਕੀ ਫਾਇਦਾ ਜੇ ਸਾਨੂੰ ਗਿੱਦੜਾਂ ਨੇ ਹੀ ਖਾ ਜਾਣਾ ਹੈ।
ਫਿਰ ਆਕਾਸ਼ ਵਿੱਚੋਂ ਆਵਾਜ਼ ਆਈ ਕਿ ਸਹਾਰਾ ਕਰੋ। ਘਬਰਾਵੋ ਨਾ। ਸਧਨਾ ਜੀ ਬੋਲੇ ਕਿ ਸਹਾਰਾ ਕੀ ਕਰਾਂ ? ਪਪੀਹਾ ਇਕ ਬੂੰਦ ਦੀ ਖਾਤਰ ਤੜਫਦਾ ਮਰ ਜਾਂਦਾ ਹੈ ਪਰ ਮਗਰੋਂ ਜੇ ਉਸਨੂੰ ਸਮੁੰਦਰ ਭੇਜ ਦੇਵੋ ਤਾਂ ਉਸਦੇ ਕਿਸ ਕੰਮ ?
ਦੁਬਾਰਾ ਫਿਰ ਆਵਾਜ਼ ਆਈ ਕਿ ਹੌਂਸਲਾ ਰੱਖੋ। ਇਹ ਸੁਣਕੇ ਸਧਨਾ ਜੀ ਆਖਦੇ ਹਨ ਕਿ ਸਹਾਰਾ ਕਰਨ ਦੀ ਗੁੰਜਾਇਸ਼ ਨਹੀਂ ਹੈ। ਪ੍ਰਭੂ ਹੁਣ ਤਾਂ ਲੱਜਾ ਰੱਖਣ ਦਾ ਸੁਆਲ ਹੈ ਕਿਉਂਕਿ ਮੈਂ ਤਾਂ ਕੁਝ ਵੀ ਨਹੀਂ ਹਾਂ। ਨਾ ਹੀ ਮੇਰਾ ਹੋਰ ਕੋਈ ਹੈ।
ਬੱਚਿਓ ! ਇਸ ਬੇਨਤੀ ਦਾ ਇਹ ਅਸਰ ਹੋਇਆ ਕਿ ਕਤਲ ਹੋਣ ਦੀ ਸਜ਼ਾ ਨਾ ਮਿਲੀ। ਸਿਰਫ ਹੱਥ ਵੱਢ ਕੇ ਸਧਨਾ ਜੀ ਨੂੰ ਛੱਡ ਦਿੱਤਾ ਗਿਆ। ਆਪ ਵਗਦੇ ਲਹੂ ਨਾਲ ਹੀ ਜਗਨ ਨਾਥ ਵੱਲ ਤੁਰ ਪਏ। ਜਗਨ ਨਾਥ ਪੁਰੀ ਜਾ ਕੇ ਅਜੀਬ ਕੌਤਕ ਹੋਇਆ। ਸਧਨਾ ਜੀ ਦੇ ਆਲੇ-ਦੁਆਲੇ ਭੀੜ ਜੁੜ ਗਈ ਕਿ ਇਹ ਕੌਣ ਆ ਗਿਆ ਹੈ। ਇਸਦੇ ਹੱਥ ਕਿਉਂ ਵੱਢੇ ਗਏ ਹਨ।
ਪਰ ਜਦੋਂ ਸਧਨਾ ਜੀ ਨੇ ਲੰਮੇ ਪੈ ਕੇ ਪ੍ਰਭੂ ਨੂੰ ਧਿਆਇਆ ਅਤੇ ਹੱਥ ਜੋੜਨੇ ਚਾਹੇ ਤਾਂ ਉਸੇ ਵੇਲੇ ਆਪ ਦੇ ਹੱਥ ਟੁੰਡਾਂ ਤੇ ਆਣ ਲੱਗੇ। ਇਹ ਦੇਖਕੇ ਸਧਨਾ ਜੀ ਦੀ ਕੀਰਤੀ ਫੈਲ ਗਈ ਅਤੇ ਚਾਰੇ ਪਾਸੇ ਭਗਤ ਸਧਨਾ ਜੀ ਦੀ ਜੈ-ਜੈ ਕਾਰ ਹੋਣ ਲੱਗ ਪਈ।