ਸੰਚਾਰ ਦੇ ਆਧੁਨਿਕ ਸਾਧਨ
Sanchar de Adhunik Madhyam
ਆਧੁਨਿਕ ਯੁੱਗ ਇੰਟਰਨੈੱਟ ਦਾ ਯੁੱਗ ਹੈ। ਇਹ ਨਿੱਤ ਨਵੀਆਂ ਅਤੇ ਅਤਿ-ਹੈਰਾਨੀਜਨਕ ਤਕਨੀਕਾਂ ਲੈ ਕੇ ਦਸਤਕ ਦੇ ਰਿਹਾ ਹੈ। ਤਕਨਾਲੋਜੀ ਦੇ ਬਦਲਣ ਨਾਲ ਬਹੁਤ ਕੁਝ ਬਦਲ ਗਿਆ ਹੈ। ਵਿਗਿਆਨ ਦੀਆਂ ਕਾਢਾਂ ਨੇ ਹਰ ਖੇਤਰ ਵਿਚ ਬੜੀ ਤੇਜ਼ੀ ਨਾਲ ਕੁਰਕੀ ਕਰ। ਲਈ ਹੈ, ਜੋ ਅਜੇ ਵੀ ਨਿਰੰਤਰ ਜਾਰੀ ਹੈ। ਖ਼ਾਸ ਤੌਰ ‘ਤੇ ਸੰਚਾਰ ਦੇ ਸਾਧਨਾਂ ਵਿਚ ਤਾਂ ਨਿੱਤ ਨਵੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ। ਇਨਾਂ ਦੇ ਆਉਣ ਨਾਲ ਪਹਿਲੀਆਂ ਤਕਨੀਕਾਂ ਸੁਪਨੇ ਵਾਂਗ ਹੋ ਗਈਆਂ ਹਨ।
ਸੰਚਾਰ ਦਾ ਅਰਥ ਹੈ-ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਾ। ਆਪਣੇ ਵਿਚਾਰਾਂ ਨੂੰ ਦੂਜਿਆਂ ਤੱਕ ਲਿਖਤੀ ਰੂਪ ਵਿਚ ਜਾਂ ਜ਼ਬਾਨੀ ਪਹੁੰਚਾਉਣਾ। ਕੋਈ ਵੇਲਾ ਸੀ ਜਦ ਸੁਨੇਹਾ ਭੇਜਣ ਲਈ ਖ਼ਾਸ ਸੰਦੇਸ਼ ਵਾਹਕ, ਲਾਗੀ ਜਾਂ ਕਬੂਤਰਾਂ ਤੋਂ ਵੀ ਮਦਦ ਲਈ ਜਾਂਦੀ ਸੀ, ਫਿਰ ਚਿੱਠੀਪੰਤਰ ਦੀ ਬਹੁਤ ਸ਼ਾਇਦ ਸਭ ਤੋਂ ਪਹਿਲੀ ਸੰਚਾਰ ਦੀ ਸਹੂਲਤ ਸੀ ਪਰ ਸਮਾਂ ਬੀਤਣ ਨਾਲ ਤੇ ਅੱਜ ਤੱਕ ਪਹੁੰਚਦਿਆਂ-ਪਹੁੰਚਦਿਆਂ ਸੰਚਾਰ ਦੇ ਸਾਧਨਾਂ ਦੀ ਕੋਈ ਕਮੀ ਨਹੀਂ ਰਹੀ।ਤੇਜ਼ੀ ਨਾਲ ਸੁਨੇਹੇ ਭੇਜਣ ਲਈ ਡਾਕ-ਤਾਰ (ਟੈਲੀਗ੍ਰਾਮ) ਦੀ ਅਹਿਮ ਭੂਮਿਕਾ ਰਹੀ ਹੈ ਜੋ ਸੰਨ 2013 ਤੋਂ ਬੰਦ ਕਰ ਦਿੱਤੀ ਗਈ ਹੈ। ਟੈਲੀਫੋਨਾਂ ਰਾਹੀਂ ਦੂਰ-ਦੁਰਾਡੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਨਾਲ ਨੇੜਤਾ ਬਣਾਈ ਜਾਣ ਲੱਗ ਪਈ। ਪਰ ਅੱਜ ਇਹ ਗੱਲਾਂ ਵੀ ਪਿਛਾਂਹ ਹੀ ਰਹਿ ਗਈਆਂ ਹਨ। ਅੱਜ ਮੋਬਾਈਲ, ਸਮਾਰਟ ਫੋਨ, ਲੈਪਟਾਪ ਆਦਿ ਦਾ ਬੋਲਬਾਲਾ ਹੈ।
ਅਜੋਕੇ ਸਮੇਂ ਵਿਚ ਸਭ ਤੋਂ ਵੱਧ ਹਰਮਨ-ਪਿਆਰਾ ਸੰਚਾਰ-ਸਾਧਨ ਹੈ-ਕੰਪਿਊਟਰ ਨੈੱਟਵਰਕ (ਇੰਟਰਨੈੱਟ)। ਇਹ ਤਿੰਨ ਰੂਪਾਂ ਵਿਚ ਪ੍ਰਾਪਤ ਹੁੰਦਾ ਹੈ LAN, MAN ਅਤੇ ਵੈਨ। ਅੱਜ ਚਿੱਠੀ-ਪੱਤਰ ਵਿਚ ਤੇਜ਼ੀ ਲਈ ਈ-ਮੇਲ (ਇਲੈਕਟ੍ਰਾਨਿਕ ਮੇਲ) ਅਤੇ ਫੋਕਸ ਦੀ ਵਰਤੋਂ ਕੀਤੀ ਜਾ ਰਹੀ ਹੈ। ਈ-ਮੇਲ ਰਾਹੀਂ ਕੰਪਿਊਟਰ ‘ਤੇ ਹੀ ਸੁਨੇਹੇ ਆਦਿ ਟਾਈਪ ਕਰ ਦਿੱਤੇ ਜਾਂਦੇ ਹਨ ਜੋ ਦੂਜੀ ਧਿਰ ਦੇ ਕੰਪਿਊਟਰ ‘ਤੇ ਪੁੱਜ ਜਾਂਦੇ ਹਨ। ਇਸੇ ਤਰ੍ਹਾਂ ਫੈਕਸ ਰਾਹੀਂ ਕਿਸੇ ਵੀ ਸਮੱਗਰੀ ਨੂੰ ਹੂ-ਬ-ਹੂ ਪਿੰਟ ਕਰਕੇ ਦੂਜੀ ਧਿਰ ਤੱਕ ਅਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ। ਵੈੱਬਸਾਈਟ ਰਾਹੀਂ ਕਿਸੇ ਵੀ ਕਿਸਮ ਦੀ ਕੋਈ ਵੀ ਜਾਣਕਾਰੀ ਸਮੁੱਚੀ ਦੁਨੀਆ ਤੱਕ ਪਹੁੰਚਾਈ ਜਾ ਸਕਦੀ ਹੈ। ਅੱਜ ਸਾਰਾ ਦਫ਼ਤਰੀ ਕੰਮ ਆਨ-ਲਾਈਨ ਹੋ ਗਿਆ ਹੈ।
ਹੈਰਾਨੀ ਤਾਂ ਉਸ ਵਕਤ ਹੁੰਦੀ ਹੈ ਜਦੋਂ ਨੈੱਟ ਦੀਆਂ ਸਾਰੀਆਂ ਸਹੂਲਤਾਂ ਨਿੱਕੇ ਜਿਹੇ ਮੋਬਾਈਲ ਫੋਨ ਤੋਂ ਹੀ ਮਿਲ ਜਾਂਦੀਆਂ ਹਨ। ਸਾਰੀ ਦੁਨੀਆ ਅਸੀਂ ਆਪਣੀ ਜੇਬ ਵਿਚ ਰੱਖੀ ਹੁੰਦੀ ਹੈ । ਮੋਬਾਈਲ ਦੇ ਆਉਣ ਨਾਲ ਇੰਟਰਨੈੱਟ ਦੀ ਵਰਤੋਂ ਆਮ ਜਿਹੀ ਗੱਲ ਹੋ ਗਈ ਹੈ। ਇੰਟਰਨੈੱਟ ਦੀ ਵਧ ਰਹੀ ਵਰਤੋਂ ਨੇ ਫੇਸਬੁੱਕ, ਟਵਿੱਟਰ, ਵਟਸਐਪ ਆਦਿ ਜਿਹੀਆਂ ਸੋਸ਼ਲ-ਸਾਈਟਾਂ ਦੀ ਵਰਤੋਂ ਨੂੰ ਲਗਭਗ ਜ਼ਰੂਰੀ ਜਿਹਾ ਬਣਾ ਦਿੱਤਾ। ਹੈ ਅਜ ਦੀ ਤਰੀਕ ਵਿਚ ਹਰ ਉਮਰ ਦਾ ਮੋਬਾਈਲ ਧਾਰਕ ਇਨਾਂ ਸਾਈਟਾਂ ਦਾ ਦੀਵਾਨਾ ਹੋਇਆ ਫਿਰਦਾ ਹੈ। ਖ਼ਾਸ ਤੌਰ ਤੇ ਨੌਜਵਾਨ ਵਰਗ ਇਨ੍ਹਾਂ ਸਾਈਟਾਂ ਦੇ ਰੁਝਾਨਾਂ ਦੇ ਚੁੰਗਲ ਵਿਚ ਬੁਰੀ ਤਰ੍ਹਾਂ ਜਕੜਿਆ ਗਿਆ ਹੈ। ਇਹ ਇਹੋ ਜਿਹੀਆਂ ਸਾਈਟਾਂ ਹਨ ਜਿਨ੍ਹਾਂ ਰਾਹੀਂ ਅਸੀਂ ਕੋਈ ਵੀ। ਤਸਵੀਰ, ਆਡੀਓ, ਵੀਡੀਓ-ਡਾਟਾ ਬੜੀ ਅਸਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ‘ਤੇ ਭੇਜ ਸਕਦੇ ਹਾਂ। ਇਸ ਲਈ ਅੱਜ ਦੇ ਤੀਬਰ ਗਤੀ ਤੇ ਅਤਿ ਦੇ ਰੁਝੇਵਿਆਂ ਵਾਲੇ ਯੁੱਗ ਵਿਚ ਅਜਿਹੀਆਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਦੀ ਸਹੂਲਤ ਸੱਚਮੁੱਚ ਹੀ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਜਿਸ ਰਾਹੀਂ ਅਸੀਂ ਘਰ ਬੈਠੇ ਹੀ ਸਾਰੇ ਸੰਸਾਰ ਨੂੰ ਕਾਬੂ ਕਰੀ ਬੈਠੇ ਹੁੰਦੇ ਹਾਂ। ਦੋਸਤਾਂ-ਮਿੱਤਰਾਂ ਨਾਲ ਦਿਲ ਦੀਆਂ ਗੱਲਾਂ (ਚੈਟਿੰਗ ਰਾਹੀਂ ਕਰ ਸਕਦੇ ਹਾਂ। ਉਨ੍ਹਾਂ ਦੀ ਤਸਵੀਰ ਵੇਖ ਸਕਦੇ ਹਾਂ। ਵੀਡੀਓ ਰਾਹੀਂ ਕੋਈ ਵੀ ਦ੍ਰਿਸ਼ ਸਾਹਮਣੇ ਵੇਖ ਸਕਦੇ ਹਾਂ। ਅੱਖ ਦੇ ਪਲਕਾਰੇ ਵਿਚ ਦੁਨੀਆ ਦੀ ਸੈਰ ਕੀਤੀ ਜਾ ਸਕਦੀ ਹੈ।
ਪਰ ਇਨ੍ਹਾਂ ਸਾਈਟਾਂ ਦੀ ਦੁਰਵਰਤੋਂ ਦਾ ਦੂਸਰਾ ਪਹਿਲੂ ਵੀ ਹੈ, ਜੋ ਬਹੁਤ ਹੀ ਖ਼ਤਰਨਾਕ ਹੈ। ਇਹ ਸਮਾਜ ਨੂੰ ਗੰਧਲਾ ਕਰ ਰਿਹਾ ਹੈ। ਨੌਜਵਾਨਾਂ ਨੂੰ ਕੁਰਾਹੇ ਪਾ ਰਿਹਾ ਹੈ। ਜੁਰਮ ਵਧਾ ਰਿਹਾ ਹੈ। ਭਿਸ਼ਟਾਚਾਰੀ, ਧੋਖੇਬਾਜ਼ੀ ਤੇ ਠੱਗਬਾਜ਼ੀ ਦੇ ਨਿੱਤ ਨਵੇਂ ਪੈਂਤੜੇ ਲੱਭ ਕੇ ਲੁੱਟ ਕੀਤੀ। ਜਾ ਰਹੀ ਹੈ। ਇਨ੍ਹਾਂ ਦੇ ਫਾਇਦਿਆਂ ਵਾਂਗ ਨੁਕਸਾਨ ਵੀ ਮਗਰਮੱਛ ਵਾਂਗ ਵੱਡੇ-ਵੱਡੇ ਮੂੰਹ ਅੱਡੀ ਖੜ੍ਹੇ ਹਨ। ਫੇਸ ਬੁੱਕ, ਟਵਿੱਟਰ ਤੇ ਵਟਸਐਪ ਰਾਹੀਂ ਕੁਕਰਮਾਂ ਦੀ ਝੜੀ ਲੱਗ ਰਹੀ ਹੈ। ਬਦ-ਦਿਮਾਗ ਲੋਕ ਗਲਤ, ਨਿੰਦਣਯੋਗ ਤੇ ਅਸ਼ਲੀਲ ਸਮੱਗਰੀ ਅਪਲੋਡ ਕਰਕੇ ਸਮਾਜ ਦੀ ਨਵੀਂ ਪਨੀਰੀ ਦੀਆਂ ਜੜਾਂ ਖੋਖਲੀਆਂ ਕਰਨ ‘ਤੇ ਲੱਗੇ ਹੋਏ ਹਨ। ਮੈਸਜਾਂ ਰਾਹੀਂ ਵੱਡੇ ਪੱਧਰ ‘ਤੇ ਆਰਥਕ ਲੁੱਟ ਕੀਤੀ ਜਾ ਰਹੀ ਹੈ। ਇੱਥੋਂ ਤਕ ਕਿ ਦੋਸਤੀ ਦੇ ਨਾਂ ‘ਤੇ ਕਈ ਤਰਾਂ ਦੇ ਸ਼ੋਸ਼ਣ ਵੀ ਹੋ ਰਹੇ ਹਨ। ਸੱਚ ਦਾ ਪਰਦਾ ਤਾਣ ਕੇ ਝੂਠ, ਬੇਈਮਾਨੀ ਤੇ ਠੱਗੀ ਦਾ ਵਪਾਰ ਕੀਤਾ ਜਾ ਰਿਹਾ ਹੈ। ਦੀਨ-ਈਮਾਨ ਛਿੱਕੇ ਟੰਗਿਆ ਗਿਆ ਹੈ। ਸੁਆਰਥੀਪਨ ਤੇ ਕਮੀਨਾਪਨ ਵਧ ਗਿਆ ਹੈ। ਇਸ ਸਭ ਕੁਝ ਲਈ ਜ਼ਿੰਮੇਵਾਰ ਹੈ-ਵਕਤੀ ਚਸਕਾ, ਮਨ ਲੁਭਾਊ ਤੇ ਤੇਜ਼ੀ ਨਾਲ ਅਮੀਰ ਬਣਨ ਦੇ ਸੁਪਨੇ, ਅਨਪੜ੍ਹਤਾ ਆਦਿ ਜਿਸ ਕਾਰਨ ਵਿਅਕਤੀ ਦੀ ਸੋਚਣ-ਸਮਝਣ ਦੀ ਸ਼ਕਤੀ ਰੁਕ ਜਾਂਦੀ ਹੈ ਤੇ ਉਹ ਨੁਕਸਾਨ ਕਰਵਾ ਬੈਠਦਾ ਹੈ। ਦਿਮਾਗ਼ ਦੇ ਦਰਵਾਜ਼ੇ ਬੰਦ ਕਰੀ ਬੈਠੀ ਨੌਜਵਾਨ ਪੀੜ੍ਹੀ ਇਨ੍ਹਾਂ ਸਾਈਟਾਂ ਦੇ ਚੁੰਗਲ ਵਿਚ ਫਸ ਕੇ ਸਮਾਜ ਤੇ ਭਾਈਚਾਰੇ ਨਾਲੋਂ ਵੀ ਟੁੱਟ ਗਈ ਹੈ ਤੇ ਸੁਭਾਅ ਪੱਖੋਂ ਵੀ ਚਿੜਚਿੜੀ ਹੋ ਗਈ ਹੈ। ਤਾਂ ਹੀ ਸਮਾਜ ਵਿਚ ਜੁਰਮਾਂ ਵਿਚ ਬੇਇੰਤਹਾ ਵਾਧਾ ਹੋ ਰਿਹਾ। ਹੈ। ਰਿਸ਼ਤਿਆਂ ਵਿਚ ਨਿੱਘ, ਪਵਿੱਤਰਤਾ ਤੇ ਮਿਠਾਸ ਅਲੋਪ ਹੋ ਕੇ ਸੁਆਰਥੀਪਨ, ਕੜਵਾਹਟ ਘੁਲ ਰਹੀ ਹੈ। ਕਈਆਂ ਨੇਕ-ਇਮਾਨਦਾਰਾਂ ਦੀ ਜ਼ਿੰਦਗੀ ਨਾਲ ਭੱਦੇ ਮਜ਼ਾਕ ਹੋ ਰਹੇ ਹਨ। ਕਈ ਬੇਕਸੂਰਾਂ ਦੀ ਜ਼ਿੰਦਗੀ ਨਰਕ ਬਣ ਗਈ ਹੈ।
ਸੋ ਸਾਡਾ ਸਾਰਿਆਂ ਦਾ ਫ਼ਰਜ਼ ਹੈ ਕਿ ਪਹਿਲਾਂ ਅਸੀਂ ਆਪਣੀ ਸੋਚ ਨੂੰ ਵਿਕਸਤ ਕਰੀਏ ਤਾਂ ਹੀ ਵਿਕਾਸ ਹੋ ਸਕੇਗਾ। ਇਕੱਲੀ ਤਕਨਾਲੋਜੀ ਦੇ ਵਿਕਸਤ ਹੋਣ ਨਾਲ ਹੀ ਵਿਕਾਸ ਨਹੀਂ ਹੁੰਦਾ। ਉਸ ਦੀ ਵਰਤੋਂ ਤਾਂ ਅਸੀਂ ਕਰਨੀ ਹੈ । ਜੇਕਰ ਅਸੀਂ ਹੀ ਵਰਤੋਂ ਦੀ ਬਜਾਏ ਦੁਰਵਰਤੋਂ ਕਰਦੇ ਰਹਾਂਗੇ ਤਾਂ ਫਿਰ ਇਸ ਵਿਚ ਕਸੂਰ ਕਿਸਦਾ ਹੈ ?