ਨੈਤਿਕਤਾ ਵਿਚ ਆ ਰਹੀ ਗਿਰਾਵਟ
Naitikta vich aa rahi Giravat
ਜਾਣ-ਪਛਾਣ: ਨੈਤਿਕ ਕਦਰਾਂ-ਕੀਮਤਾਂ ਦਾ ਅਰਥ ਹੈ-ਮਨੁੱਖ ਦੇ ਇਖ਼ਲਾਕੀ ਫ਼ਰਜ਼, ਉਸ ਦੇ ਸੰਸਕਾਰ, ਉਸ ਦਾ ਆਚਾਰ, ਵਰਤਵਿਹਾਰ ਆਦਿ। ਅੱਜ ਮਨੁੱਖ ਦੀਆਂ ਇਖ਼ਲਾਕੀ ਕਦਰਾਂ-ਕੀਮਤਾਂ ਵਿਚ ਦਿਨੋ-ਦਿਨ ਗਿਰਾਵਟ ਆ ਰਹੀ ਹੈ। ਕੋਈ ਸਮਾਂ ਸੀ ਜਦ ਹਰ ਕੋਈ ਰਿਸ਼ਤਿਆਂ ਦੀ ਕਦਰ ਕਰਦਾ ਸੀ, ਇਕ-ਦੂਜੇ ਦਾ ਅਦਬ-ਸਤਿਕਾਰ ਕਰਨਾ ਆਪਣਾ ਫ਼ਰਜ਼ ਸਮਝਦਾ ਸੀ ਪਰ ਅੱਜ ਹਰ ਕੋਈ ਅਨੈਤਿਕ ਹੋਇਆ ਫਿਰਦਾ ਹੈ।
ਨੈਤਿਕਤਾ ਵਿਚ ਆ ਰਹੀ ਗਿਰਾਵਟ ਦੇ ਕਾਰਨ : ਨੈਤਿਕ ਕਦਰਾਂ-ਕੀਮਤਾਂ ਵਿਚ ਆ ਰਹੀ ਗਿਰਾਵਟ ਦਾ ਮੁੱਖ ਕਾਰਨ ਮਨੁੱਖ ਦੇ ਵਿਸ਼ੇ-ਵਿਕਾਰ ਹਨ। ਮਨੁੱਖ ਦੇ ਮਨ ਵਿਚ ਪੰਜ ਪ੍ਰਕਾਰ ਦੇ ਵਿਸ਼ੇ-ਵਿਕਾਰ ਹੁੰਦੇ ਹਨ-ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜੋ ਮਨੁੱਖ ਇਨ੍ਹਾਂ ‘ਤੇ ਕਾਬ ਪਾ ਲਵੇ ਤਾਂ ਉਹ ਜੰਗ ਜਿੱਤ ਕੇ ਪਰਮਾਤਮਾ ਨਾਲ ਅਭੇਦ ਹੋ ਸਕਦਾ ਹੈ ਪਰ ਜੇਕਰ ਉਹ ਇਨ੍ਹਾਂ ਦਾ ਗੁਲਾਮ ਹੋ ਜਾਵੇ ਤੇ ਇਹ ਵਿਕਾਰ ਉਸ ਉਤੇ ਹਾਵੀ ਹੋ ਜਾਣ ਤਾਂ ਉਹ ਇਨਸਾਨ ਨਹੀਂ ਬਲਕਿ ਸ਼ੈਤਾਨ ਹੋ ਜਾਂਦਾ ਹੈ। ਅੱਜ ਦਾ ਇਨਸਾਨ ਇਨ੍ਹਾਂ ਵਿਕਾਰਾਂ ਕਾਰਨ ਹੀ ਆਪਣੀ ਨੈਤਿਕਤਾ ਗੁਆ ਬੈਠਾ ਹੈ।
ਲੋਭ, ਮੋਹ : ਅੱਜ ਦੇ ਮਨੁੱਖ ਵਿਚ ਸਭ ਤੋਂ ਵੱਡਾ ਵਿਕਾਰ, ਲੋਭ ਹੈ-ਪੈਸੇ ਦਾ ਲੋਭ ਤੇ ਪੈਸੇ ਨਾਲ ਹੀ ਮੋਹ।ਉਹ ਪੈਸੇ ਦੀ ਦੌੜ ਵਿਚ ਅੰਨਾ ਹੋ। ਗਿਆ ਹੈ। ਇਸ ਦੀ ਪ੍ਰਾਪਤੀ ਲਈ ਉਹ ਹਰ ਜਾਇਜ਼-ਨਜਾਇਜ਼ ਢੰਗ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕਰਦਾ ਹੈ। ਪੈਸੇ-ਜਾਇਦਾਦ ਦੀ ਪ੍ਰਾਪਤੀ ਲਈ ਮਨੁੱਖ ਆਪਣਿਆਂ ਦਾ ਵੈਰੀ ਹੋ ਗਿਆ ਹੈ।ਪਿਉ-ਪੁੱਤਰ ਦਾ, ਤੇ ਭਰਾ-ਭਰਾ ਦਾ ਕਾਤਲ ਹੋ ਗਿਆ ਹੈ। ਪੈਸੇ ਪਿਛੇ ਕਤਲ ਆਮ ਹੋ ਰਹੇ ਹਨ। ਨਜਾਇਜ਼ ਹੱਕ ਪ੍ਰਾਪਤ (ਖੋਹਣ) ਕਰਨ ਲਈ ਉਹ ਕੁੱਧ ਵਿਚ ਆ ਕੇ ਰਿਸ਼ਤਿਆਂ ਦੇ ਨਿੱਘ ਨੂੰ ਭੁੱਲ ਜਾਂਦਾ ਹੈ ਤੇ ਕਾਤਲ ਬਣ ਜਾਂਦਾ ਹੈ।
ਹੰਕਾਰ ਤੇ ਵਾਸ਼ਨਾ : ਜੇਕਰ ਕਿਸੇ ਕੋਲ ਪੈਸਾ ਥੋੜਾ ਜ਼ਿਆਦਾ ਹੈ ਤਾਂ ਉਸ ਵਿਚ ਹੰਕਾਰ ਆ ਜਾਂਦਾ ਹੈ। ਉਹ ਆਪਣੇ ਤੋਂ ਗਰੀਬ ਵਿਅਕਤੀਆਂ ਨੂੰ ਟਿੱਚ ਜਾਣਦਾ ਹੈ।ਆਪਣੇ ਸਕੇ ਰਿਸ਼ਤੇਦਾਰਾਂ ਨਾਲ ਓਪਰਿਆਂ ਵਾਲਾ ਸਲੂਕ ਕਰਦਾ ਹੈ। ਮਾਇਆ ਦਾ ਹੰਕਾਰ ਉਸ ਨੂੰ ਧਰਤੀ ਤੇ ਟਿਕਣ ਨਹੀਂ ਦਿੰਦਾ।
ਕਾਮ-ਵਾਸ਼ਨਾ ਵਿਚ ਅੰਨ੍ਹੇ ਹੋਏ ਮਨੁੱਖ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਭੁੱਲ ਬੈਠਦੇ ਹਨ। ਪਰਿਵਾਰਕ ਰਿਸ਼ਤੇ-ਨਾਤੇ ਦਾਗਦਾਰ ਹੋ ਗਏ ਹਨ। ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਵੀ ਲੋਭ ਤੇ ਕਾਮ ਦੇ ਵਿਕਾਰਾਂ ਕਾਰਨ ਆਪਣੀ ਪਵਿੱਤਰਤਾ ਗੁਆ ਬੈਠਾ ਹੈ।
ਵਰਤਮਾਨ ਹਾਲਾਤ : ਅੱਜ ਦਾ ਯੁਗ ਪੂੰਜੀਵਾਦੀ ਕਦਰਾਂ-ਕੀਮਤਾਂ ਵਾਲਾ ਹੈ। ਮਨੁੱਖ ਦੀ ਸੋਚ ਪਦਾਰਥਵਾਦੀ ਹੋ ਗਈ ਹੈ। ਉਸ ਦੀਆਂ ਇੱਛਾਵਾਂ ਮ੍ਰਿਗ-ਤ੍ਰਿਸ਼ਨਾਵਾਂ ਵਾਂਗ ਨਿਰੰਤਰ ਵਧ ਰਹੀਆਂ ਹਨ। ਪੈਸੇ ਦੀ ਦੌੜ ਵਿਚ ਕਦਰਾਂ-ਕੀਮਤਾਂ ਨੂੰ ਤਿਲਾਂਜਲੀ ਦੇ ਦਿੱਤੀ ਗਈ ਹੈ। ਰਿਸ਼ਤਿਆਂ ਵਿਚ ਕੋਈ ਨਿੱਘ ਨਹੀਂ ਰਿਹਾ, ਖੂਨ ਸਫ਼ੈਦ ਹੋ ਗਏ ਹਨ। ਅੱਜ ਤਾਂ ਮਨੁੱਖ ਵਿਚ ਏਨੀ ਕੁ ਗਿਰਾਵਟ ਆ ਗਈ ਹੈ ਕਿ ਸੋਚ ਸੁਣ ਕੇ ਰੂਹ ਕੰਬ ਉੱਠਦੀ ਹੈ।
ਅੱਜ ਨੈਤਿਕਤਾ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਲੋਕ ਪਿਛਾਂਹ-ਖਿੱਚੂ ਸਮਝਦੇ ਹਨ। ਇਮਾਨਦਾਰ ਨੂੰ ਘਟੀਆ ਸਮਝਿਆ ਜਾਂਦਾ ਹੈ। ਸਚਾਈ, ਨੇਕੀ, ਇਮਾਨਦਾਰੀ, ਸੇਵਾ, ਸਤਿਕਾਰ ਆਦਿ ਸਭ ਬੀਤੇ ਸਮੇਂ ਦੀਆਂ ਜਾਂ ਕਿਤਾਬੀ ਗੱਲਾਂ ਬਣ ਕੇ ਰਹਿ ਗਈਆਂ ਹਨ।
ਸੁਝਾਅ : ਅੱਜ ਲੋੜ ਹੈ ਮਨੁੱਖ ਦੀਆਂ ਮਰ ਚੁੱਕੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਮੁੜ ਤੋਂ ਸੁਰਜੀਤ ਕਰਨ ਦੀ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਨ ਤੇ, ਆਪਣੇ ਵਿਸ਼ੇ-ਵਿਕਾਰਾਂ ਤੇ ਕਾਬੂ ਪਾਵੇ।ਆਪਣੀਆਂ ਲੋੜਾਂ, ਇੱਛਾਵਾਂ ਨੂੰ ਆਪਣੀ ਸਮਰੱਥਾ ਅਨੁਸਾਰ ਹੀ ਪੂਰਾ ਕਰੇ ਰਿਸ਼ਤਿਆਂ ਦੇ ਨਿੱਘ ਤੇ ਉਨ੍ਹਾਂ ਦੀ ਪਵਿੱਤਰਤਾ ਨੂੰ ਕਾਇਮ ਰੱਖੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਹਰ ਮਨੁੱਖ ਇਕੱਲੇ ਸਿੰਮਲ । ਰੁੱਖ ਵਰਗਾ ਬਣ ਜਾਵੇਗਾ। ਜਿਸ ਦਾ ਨਾ ਕੋਈ ਆਪਣਾ ਲਾਭ ਅਤੇ ਨਾ ਉਸ ਤੋਂ ਕਿਸੇ ਹੋਰ ਨੂੰ ਲਾਭ ਹੁੰਦਾ ਹੈ।
Too nice
nice