ਪੰਜਾਬ ਰੋਡਵੇਜ਼ ਦੇ ਮੈਨੇਜਰ ਨੂੰ ਬਿਨੈ-ਪੱਤਰ ਲਿਖੋ ਜਿਸ ਵਿਚ ਆਪਣੇ ਪਿੰਡ ਤੋਂ ਸ਼ਹਿਰ ਤੱਕ ਬਸ-ਸੇਵਾ ਵਿਚ ਪਾਈ ਜਾਂਦੀ ਬੇ-ਕਾਇਦਗੀ ਵੱਲ ਧਿਆਨ ਦਿਵਾਉਂਦੇ ਹੋਏ ਇਸ ਵਿਚ ਸੁਧਾਰ ਕਰਨ ਲਈ ਬੇਨਤੀ ਕੀਤੀ ਜਾਵੇ।
ਸੇਵਾ ਵਿਖੇ
ਮੈਨੇਜਰ ਸਾਹਿਬ,
ਪੰਜਾਬ ਰੋਡਵੇਜ਼,
ਲੁਧਿਆਣਾ।
ਵਿਸ਼ਾ-ਪਿੰਡ ਵਿਚ ਬੱਸ ਸੇਵਾ ਦੀ ਬੇ-ਕਾਇਦਗੀ ਬਾਰੇ।
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਲੁਧਿਆਣਾ ਤੋਂ ਸਾਡੇ ਪਿੰਡ ਨਾਰੰਗਵਾਲ ਨੂੰ ਤਿੰਨ ਵਾਰੀ ਲੋਕਲ ਬਸ ਜਾਂਦੀ ਹੈ ਪਰ ਇਸ ਦੇ ਪਿੰਡ ਤੋਂ ਚੱਲਣ ਅਤੇ ਪਿੰਡ ਪਹੁੰਚਣ ਦੇ ਸਮਿਆਂ ਵਿਚ ਬੜੀ ਹੀ ਬੇਕਾਇਦਗੀ ਹੈ। ਇਸ ਬਸ ਦਾ ਸਵੇਰੇ ਸਾਡੇ ਪਿੰਡ ਤੋਂ ਚੱਲਣ ਦਾ ਸਮਾਂ ਸੱਤ ਵਜੇ ਹੈ, ਪਰ ਬਸ ਦਾ ਡਰਾਇਵਰ ਅਤੇ ਕੰਡਕਟਰ, ਜੋ ਕਿ ਲਾਗਲੇ ਪਿੰਡ ਦੇ ਰਹਿਣ ਵਾਲੇ ਹਨ, ਕਦੇ ਵੀ ਸਮੇਂ ਸਿਰ ਬਸ ਨੂੰ ਲੈ ਕੇ ਨਹੀਂ ਚੱਲਦੇ।ਜਿਸ ਕਰਕੇ ਸ਼ਹਿਰ ਕੰਮ ਉੱਤੇ ਜਾਣ ਵਾਲੇ ਲੋਕਾਂ ਅਤੇ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਬੜੀ ਔਕੜ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਹਰ ਰੋਜ਼ ਲੇਟ ਹੋ ਜਾਂਦੇ ਹਨ।
ਇੰਝ ਹੀ ਉਹ ਜਦੋਂ ਦੁਪਹਿਰ ਵੇਲੇ ਬਸ ਨੂੰ ਲੈ ਕੇ ਜਾਂਦੇ ਹਨ ਤਾਂ ਚਾਹ ਦੀ ਦੁਕਾਨ ਉੱਤੇ ਬੈਠੇ ਗੱਪਾਂ ਮਾਰਦੇ ਰਹਿੰਦੇ ਹਨ। ਉਹਨਾਂ ਨੂੰ ਬਸ ਚਲਾਉਣ ਦੀ ਕੋਈ ਫਿਕਰ ਨਹੀਂ ਹੁੰਦੀ ਅਤੇ ਚੋਖਾ ਸਮਾਂ ਅਜਾਈਂ ਲੰਘਾ ਦਿੰਦੇ ਹਨ। ਸ਼ਾਮ ਵੇਲੇ ਵੀ ਬਸ ਕਦੇ ਵੀ ਸਮੇਂ ਸਿਰ ਪਿੰਡ ਨਹੀਂ ਪਹੁੰਚਦੀ।
ਇੰਨਾ ਹੀ ਨਹੀਂ, ਇਸ ਬਸ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਇਸ ਦੀਆਂ ਸਾਰੀਆਂ ਸੀਟਾਂ ਫਟੀਆਂ ਹੋਈਆਂ ਹਨ। ਲਗਪਗ ਸਾਰੀਆਂ ਬਾਰੀਆਂ ਦੇ ਸ਼ੀਸ਼ੇ ਟੁੱਟੇ ਹੋਏ ਹਨ। ਇਸ ਦਾ ਇੰਜਣ ਵੀ ਆਮ ਤੌਰ ‘ਤੇ ਖਰਾਬ ਹੀ ਰਹਿੰਦਾ ਹੈ। ਗੱਲ ਕੀ ਬਸ ਧੱਕਾ ਸਟਾਰਟ ਹੈ। ਧੱਕਾ ਲਾਉਣ ਤੋਂ ਬਿਨਾਂ ਤਾਂ ਇਹ ਚੱਲਣ ਦਾ ਨਾਂ ਹੀ ਨਹੀਂ ਲੈਂਦੀ। ਇਸ ਤੁਰਦੇ-ਫਿਰਦੇ ਖਟਾਰੇ ਦਾ ਪਤਾ ਨਹੀਂ ਹੁੰਦਾ ਕਿ ਕਿੱਥੇ ਰੁੱਕ ਜਾਵੇ ਅਤੇ ਮੁਸਾਫਰਾਂ ਨੂੰ ਮੁਸ਼ਕਲ ਵਿਚ ਪਾ ਦੇਵੇ।
ਅੰਤ ਵਿਚ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਸਾਡੇ ਪਿੰਡ ਤੱਕ ਦੀ ਬਸ ਸੇਵਾ ਨੂੰ ਸੁਧਾਰਨ ਵੱਲ ਛੇਤੀ ਤੋਂ ਛੇਤੀ ਧਿਆਨ ਦਿਉਗੇ।
ਧੰਨਵਾਦ ਸਹਿਤ,
ਆਪ ਦਾ ਸ਼ੁਭਚਿੰਤਕ,
ਨਿਰੰਜਨ ਸਿੰਘ, ਪਿੰਡ ਨਾਰੰਗਵਾਲ,
ਜ਼ਿਲ੍ਹਾ ਲੁਧਿਆਣਾ।
ਮਿਤੀ : 20 ਮਾਰਚ, 20…..