ਤੁਹਾਡੇ ਮੁਹੱਲੇ ਦਾ ਡਾਕੀਆ ਠੀਕ ਢੰਗ ਨਾਲ ਡਾਕ ਨਹੀਂ ਵੰਡਦਾ। ਉਸ ਦੀ ਇਸ ਲਾਪ੍ਰਵਾਹੀ ਵਿਰੁੱਧ ਪੋਸਟ–ਮਾਸਟਰ ਨੂੰ ਸ਼ਿਕਾਇਤ ਕਰੋ।
ਸੇਵਾ ਵਿਖੇ,
ਮਿਤੀ ਸ੍ਰੀ ਮਾਨ ਪੋਸਟ ਮਾਸਟਰ ਸਾਹਿਬ,
ਮੁੱਖ ਡਾਕ–ਘਰ,
ਫਗਵਾੜਾ।
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਨੂੰ ਲਿਖਦੇ ਹੋਏ ਬਹੁਤ ਬੁਰਾ ਲੱਗ ਰਿਹਾ ਹੈ ਕਿ ਸਾਡੇ ਮੁਹੱਲੇ (ਪੂਰਬੀਆਂ ਮੁਹੱਲਾ) ਦਾ ਡਾਕੀਆ ਸ੍ਰੀ ਸੁੰਦਰ ਲਾਲ ਡਾਕ ਠੀਕ ਢੰਗ ਨਾਲ ਨਹੀਂ ਵੰਡਦਾ। ਉਹ ਬਹੁਤ ਹੀ ਲਾਪ੍ਰਵਾਹ ਸੁਭਾਅ ਦਾ ਹੈ।
ਉਹ ਡਾਕ ਕਦੇ ਵੀ ਸਮੇਂ ਸਿਰ ਨਹੀਂ ਵੰਡਦਾ। ਉਸ ਦਾ ਡਾਕ ਵੰਡਣ ਦਾ ਸਮਾਂ ਨਿਸ਼ਚਿਤ ਨਹੀਂ ਹੈ। ਉਹ ਕਦੀ ਦੋ ਵਜੇ ਆਉਂਦਾ ਹੈ ਤੇ ਕਦੀ ਚਾਰ ਵਜੇ। ਕਦੀ-ਕਦੀ ਤਾਂ ਆਉਂਦਾ ਹੀ ਨਹੀਂ। ਉਹ ਅਕਸਰ ਇੱਕ ਘਰ ਦੀ ਡਾਕ ਦੂਜੇ ਘਰ ਵਿੱਚ ਸੁੱਟ ਕੇ ਚਲਾ ਜਾਂਦਾ ਹੈ। ਕਈ ਵਾਰ ਤਾਂ ਉਹ ਚਿੱਠੀਆਂ ਗਲੀ ਵਿੱਚ ਖੇਡਦੇ ਬੱਚਿਆਂ ਨੂੰ ਫੜਾ ਕੇ ਚਲਾ ਜਾਂਦਾ ਹੈ। ਕਈ ਵਾਰ ਚਿੱਠੀਆਂ ਗੁੰਮ ਹੋ ਜਾਂਦੀਆਂ ਹਨ। ਤਕਰੀਬਨ ਸਭ ਘਰਾਂ ਦੇ ਅੱਗੇ ਲੈਟਰ-ਬਾਕਸ ਲੱਗੇ ਹੋਏ ਹਨ ਪਰ ਫਿਰ ਵੀ ਚਿੱਠੀਆਂ ਦਰਵਾਜ਼ੇ ਵਿੱਚ ਸੁੱਟ ਕੇ ਚਲਾ ਜਾਂਦਾ ਹੈ। ਮੇਰੇ ਭਤੀਜੇ ਦੀ ਚਿੱਠੀ ਆਈ ਪਰ ਉਹ ਸਮੇਂ ਸਿਰ ਨਹੀਂ ਮਿਲੀ। ਉਸ ਵਿੱਚ ਉਸਦਾ ਐਮ. ਬੀ. ਏ. ਦਾ ਦਾਖ਼ਲਾ ਫ਼ਾਰਮ ਸੀ। ਉਸ ਤੋਂ ਬਾਅਦ ਸਾਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਦਿਨ ਧੱਕੇ ਖਾਣ ਤੋਂ ਬਾਅਦ ਬੱਚੇ ਨੂੰ ਦਾਖ਼ਲਾ ਮਿਲਿਆ।
ਉਸ ਦਾ ਬੋਲ-ਚਾਲ ਵੀ ਠੀਕ ਨਹੀਂ ਹੈ। ਕਦੀ ਕੁਝ ਕਹੋ ਤਾਂ ਲੜਨ ਨੂੰ ਪੈਂਦਾ। ਹੈ। ਮੈਂ ਤੇ ਹੋਰ ਮੁਹੱਲੇ ਦੇ ਲੋਕਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਸ਼ ਕੀਤੀ ਪਰ ਉਸ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਉਹ ਸਭ ਦੀ ਕਹੀ ਹੋਈ ਗੱਲ ਇੱਕ ਕਨ ਸੁਣਦਾ ਹੈ ਤੇ ਦੂਜੇ ਕੰਨੋਂ ਕੱਢ ਦਿੰਦਾ ਹੈ।
ਮੇਰੀ ਜਾਂ ਹੋਰ ਕਿਸੇ ਦੀ ਉਸ ਨਾਲ ਨਿੱਜੀ ਦੁਸ਼ਮਣੀ ਨਹੀਂ ਹੈ। ਮੈਂ ਤਾਂ ਇਹ ਬੇਨਤੀ ਸਭ ਦੀ ਭਲਾਈ ਹਿੱਤ ਕਰ ਰਿਹਾ ਹਾਂ।
ਮੇਰੀ ਆਪ ਅੱਗੇ ਬੇਨਤੀ ਹੈ ਕਿ ਉਸ ਨੂੰ ਸਮਝਾਇਆ ਜਾਵੇ ਤੇ ਉਸ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਤਾੜਨਾ ਕੀਤੀ ਜਾਵੇ।
ਆਸ ਹੈ ਕਿ ਤੁਸੀਂ ਇਸ ਸਮੱਸਿਆ ਨੂੰ ਸਮਝੌਗੇ ਤੇ ਜਲਦੀ ਹੱਲ ਵੀ ਕਰੋਗੇ।
ਧੰਨਵਾਦ ਸਹਿਤ
ਆਪ ਦਾ ਵਿਸ਼ਵਾਸ ਪਾਤਰ
ਗੁਰਮੀਤ ਸਿੰਘ
ਮੁਹੱਲਾ ਪੂਰਬੀਆ
ਫਗਵਾੜਾ।