ਆਪਣੇ ਪਿਤਾ ਨੂੰ ਪੱਤਰ ਲਿਖੋ ਕਿ ਤੁਸੀਂ ਦਸਵੀਂ ਪਾਸ ਕਰਨ ਤੋਂ ਪਿੱਛੋਂ ਕੀ ਕਰਨਾ ਚਾਹੁੰਦੇ ਹੋ।
ਪ੍ਰੀਖਿਆ ਭਵਨ,
ਸ਼ਹਿਰ ,
15 ਮਾਰਚ, 20…..
ਸਤਿਕਾਰਯੋਗ ਪਿਤਾ ਜੀ,
ਸਤਿ ਸ੍ਰੀ ਅਕਾਲ !
ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੈਂ ਦਸਵੀਂ ਕਲਾਸ ਦੀ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਕਰ ਲਈ ਹੈ। ਆਪਣੇ ਸਕੂਲ ਵਿਚੋਂ ਹੀ ਪਹਿਲਾ ਸਥਾਨ ਪ੍ਰਾਪਤ ਨਹੀਂ ਕੀਤਾ ਸਗੋਂ ਪੰਜਾਬ ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ਿਤ ਮੈਰਿਟ ਲਿਸਟ ਵਿਚ ਵੀ ਮੇਰਾ ਨਾਂ ਆਇਆ ਹੈ।
ਪਿਤਾ ਜੀ ! ਹੁਣ ਵਿਚਾਰਯੋਗ ਗੱਲ ਇਹ ਹੈ ਕਿ ਦਸਵੀਂ ਤੋਂ ਬਾਅਦ ਮੈਨੂੰ ਕੀ ਕਰਨਾ ਚਾਹੀਦਾ ਹੈ ? ਆਪ ਨੇ ਵੀ ਆਪਣੀ ਪਿਛਲੀ ਚਿੱਠੀ ਵਿਚ ਮੇਰੇ ਅੱਗੇ ਦੇ ਪ੍ਰੋਗਰਾਮ ਬਾਰੇ ਜਾਣਨ ਦੀ ਇੱਛਾ ਜ਼ਾਹਿਰ ਕੀਤੀ ਸੀ। ਇਸ ਤਰ੍ਹਾਂ ਮੈਂ ਅਜਿਹਾ ਰਾਹ ਅਪਨਾਉਣਾ ਚਾਹੁੰਦਾ ਹਾਂ ਜਿਸ ਉੱਤੇ ਤੁਰ ਕੇ ਨਾ ਕੇਵਲ ਮੈਂ ਆਪਣਾ ਭਵਿੱਖ ਹੀ ਰੌਸ਼ਨ ਕਰ ਸਕਾਂ, ਸਗੋਂ ਲੋਕ ਸੇਵਾ ਰਾਹੀਂ ਆਪਣੀ ਅੰਦਰਲੀ ਇੱਛਾ ਨੂੰ ਵੀ ਪੂਰਾ ਕਰ ਸਕਾਂ। ਮੇਰਾ ਵਿਚਾਰ ਹੁਣ ਕਿਸੇ ਚੰਗੇ ਕਾਲਜ ਵਿਚ ਦਾਖ਼ਲ ਹੋ ਕੇ ਇੰਜੀਨੀਅਰ ਬਣਨ ਦਾ ਹੈ।
ਸਾਡੇ ਦੇਸ਼ ਭਾਰਤ ਨੂੰ ਚੰਗੇ ਇੰਜੀਨੀਅਰਾਂ ਦੀ ਬਹੁਤ ਲੋੜ ਹੈ। ਇਸ ਲਈ ਮੈਂ ਇੰਜੀਨੀਅਰਿੰਗ ਦਾ ਕੋਰਸ ਪਾਸ ਕਰਕੇ ਆਪਣੇ ਮਨ ਵਿਚ ਧਾਰੇ ਜ਼ਿੰਦਗੀ ਦੇ ਟੀਚੇ ਨੂੰ ਪੂਰਾ ਹੋਇਆ ਵੇਖਣਾ ਚਾਹੁੰਦਾ ਹਾਂ। ਮੇਰੀ ਇਹ ਦਿਲੀ ਰੀਝ ਹੈ ਕਿ ਮੈਂ ਕੋਰਸ ਪੂਰਾ ਕਰਨ ਉਪਰੰਤ ਸਰਕਾਰੀ ਨੌਕਰੀ ਪ੍ਰਾਪਤ ਕਰਾਂ ਤੇ ਦੇਸ਼ ਦੀ ਸੇਵਾ ਕਰਾਂ।
ਇਸ ਲਈ ਮੈਨੂੰ ਆਸ ਹੈ ਕਿ ਆਪ ਮੇਰੇ ਇਸ ਵਿਉਂਤੇ ਪ੍ਰੋਗਰਾਮ ਨੂੰ ਪਸੰਦ ਕਰਕੇ ਨੇਪਰੇ ਚਾੜ੍ਹਨ ਵਿਚ ਆਪਣੀ ਅਗਵਾਈ ਭਰਪੂਰ ਅਸ਼ੀਰਵਾਦ ਦਿੰਦਿਆਂ ਆਪਣੀ ਰਾਏ ਤੋਂ ਵੀ ਜਾਣੂ ਕਰਾਉਗੇ। ਬਾਕੀ ਆਪ ਜੋ ਵੀ ਵਿਚਾਰ ਲਿਖੋਗੇ ਮੈਂ ਉਸ ’ਤੇ ਸੱਚੇ ਦਿਲੋਂ ਫੁੱਲ ਚੜਾਵਾਂਗਾ।
ਮੇਰੇ ਵੱਲੋਂ ਮਾਤਾ ਜੀ ਨੂੰ ਪੈਰੀਂ ਪੈਣਾ। ਛੋਟੇ ਵੀਰਾਂ ਅਤੇ ਵੱਡੀ ਭੈਣ ਨੂੰ ਸਤਿ ਸ੍ਰੀ ਅਕਾਲ।
ਉੱਤਰ ਦੀ ਉਡੀਕ ਵਿਚ,
ਆਪ ਜੀ ਦਾ ਸਪੁੱਤਰ,
ਹਰਜੀਤ।