ਕਿਸੇ ਸੰਸਥਾ ਵਿਚ ਕੋਈ ਅਸਾਮੀ ਖਾਲੀ ਹੈ, ਜਿਸ ਲਈ ਤੁਸੀਂ ਯੋਗਤਾ ਰੱਖਦੇ ਹੋ। ਉੱਥੇ ਨੌਕਰੀ ਪ੍ਰਾਪਤ ਕਰਨ ਲਈ ਬਿਨੈ-ਪੱਤਰ ਲਿਖੋ।
ਸੇਵਾ ਵਿਖੇ
ਮੈਨੇਜਰ ਸਾਹਿਬ,
ਪੰਜਾਬ ਐਕਰਕਲੀਜ਼ ਲਿਮਟਿਡ,
ਸਾਹਿਬਜ਼ਾਦਾ ਅਜੀਤ ਸਿੰਘ ਨਗਰ,
ਮੁਹਾਲੀ।
ਸ੍ਰੀਮਾਨ ਜੀ,
‘ਰੋਜ਼ਾਨਾ ਪੰਜਾਬੀ ਟ੍ਰਿਬਿਊਨ’ ਚੰਡੀਗੜ੍ਹ ਮਿਤੀ 22 ਮਾਰਚ, 20 …… ਨੂੰ ਛਪੇ ਇਸ਼ਤਿਹਾਰ ਦਾ ਪਤਾ ਲੱਗਾ ਹੈ ਕਿ ਆਪ ਦੀ ਸੰਸਥਾ ਨੂੰ ਕੁਝ ਬਿਜਲੀ ਮਕੈਨਿਕਾਂ ਦੀ ਲੋੜ ਹੈ। ਮੈਂ ਇਹਨਾਂ ਵਿੱਚੋਂ ਇਕ ਅਸਾਮੀ ਲਈ ਆਪਣੀਆਂ ਸੇਵਾਵਾਂ ਪੇਸ਼ ਕਰਦਾ ਹਾਂ।
ਮੇਰੀ ਵਿੱਦਿਅਕ ਅਤੇ ਤਕਨੀਕੀ ਯੋਗਤਾ ਹੇਠ ਲਿਖੇ ਅਨੁਸਾਰ ਹੈ-
- ਮੈਂ 20 ਸਾਲਾ ਸਿਹਤਮੰਦ ਨੌਜਵਾਨ ਹਾਂ। ਮੈਂ 19…. ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ।
- ਮੈਂ ਆਈ.ਟੀ.ਆਈ. ਗੁਰਦਾਸਪੁਰ ਤੋਂ ਬਿਜਲੀ ਮਕੈਨਿਕ ਦਾ ਕੋਰਸ ਪਾਸ ਕੀਤਾ ਹੋਇਆ ਹੈ।
- ਮੈਂ ਮਿਨਹਾਸ ਇਲੇਕਟਰੀਕਲ ਵਰਕਸ ਗੁਰਦਾਸਪੁਰ ਵਿਖੇ ਪਿਛਲੇ ਇਕ ਸਾਲ ਤੋਂ ਬਿਜਲੀ ਮਕੈਨਿਕ ਦੇ ਤੌਰ ਤੇ ਕੰਮ ਕਰ ਰਿਹਾ ਹਾਂ।
ਉਪਰੋਕਤ ਯੋਗਤਾਵਾਂ ਅਤੇ ਤਜਰਬੇ ਦੇ ਪ੍ਰਮਾਣ ਪੱਤਰਾਂ ਦੀਆਂ ਨਕਲਾਂ ਦੀ ਇਕਾ ਇਕ ਕਾਪੀ ਇਸ ਬਿਨੈ-ਪੱਤਰ ਦੇ ਨਾਲ ਭੇਜ ਰਿਹਾ ਹਾਂ।
ਮੈਂ ਆਪ ਜੀ ਨੂੰ ਪੂਰਨ ਵਿਸ਼ਵਾਸ ਦਿਵਾਉਂਦਾ ਹਾਂ ਕਿ ਉਪਰੋਕਤ ਅਸਾਮੀ ਲਈ ਚੁਣੇ ਜਾਣ ਤੇ ਮੈਂ ਪੂਰੀ ਲਗਨ ਅਤੇ ਈਮਾਨਦਾਰੀ ਨਾਲ ਕੰਮ ਕਰਾਂਗਾ।
ਆਸ ਹੈ ਕਿ ਤੁਸੀਂ ਮੈਨੂੰ ਇਸ ਅਸਾਮੀ ਲਈ ਚੁਣ ਕੇ ਧੰਨਵਾਦੀ ਬਣਾਉਗੇ।
ਆਪਦਾ ਸ਼ੁਭਚਿੰਤਕ,
ਰਵਿੰਦਰ ਸਿੰਘ,
77, ਗੁਰੂ ਰਾਮਦਾਸ ਨਗਰ ।
ਅੰਮ੍ਰਿਤਸਰ ।
ਮਿਤੀ 25 ਮਾਰਚ, 20….