ਤੁਹਾਡੇ ਮੁਹੱਲੇ ਵਿੱਚ ਸਫ਼ਾਈ ਤੇ ਰੋਸ਼ਨੀ ਦਾ ਪ੍ਰਬੰਧ ਠੀਕ ਨਹੀਂ ਹੈ। ਆਪਣੇ ਸ਼ਹਿਰ ਦੀ ਨਗਰ–ਪਾਲਿਕਾ ਦੇ ਪ੍ਰਧਾਨ (ਕਮਿਸ਼ਨਰ) ਨੂੰ। ਬਿਨੈ–ਪੱਤਰ ਲਿਖੋ ।
ਸੇਵਾ ਵਿਖੇ,
ਪ੍ਰਧਾਨ ਸਿਹਤ ਅਧਿਕਾਰੀ ਕਮਿਸ਼ਨਰ)
ਨਗਰ ਨਿਗਮ
ਪਟਿਆਲਾ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਅਸੀਂ ਆਪ ਦਾ ਧਿਆਨ ਆਪਣੇ ਮੁਹੱਲੇ ਖੁੱਡ ਮਹੱਲਾ ਵੱਲ ਦਿਵਾਉਣਾ ਚਾਹੁੰਦੇ ਹਾਂ। ਪਹਿਲਾਂ ਵੀ ਅਸੀਂ ਇੱਕ ਵਾਰ ਬੇਨਤੀ ਕਰ ਚੁੱਕੇ ਹਾਂ । ਕੋਈ ਕਾਰਵਾਈ ਨਾ ਹੋਣ ਕਰਕੇ ਦੁਬਾਰਾ ਬੇਨਤੀ ਕਰ ਰਹੇ ਹਾਂ : ਮੁਹੱਲੇ ਦੀਆਂ ਗਲੀਆਂ ਤੇ ਨਾਲੀਆਂ ਦੀ ਹਾਲਤ ਬਹੁਤ ਖ਼ਰਾਬ ਹੈ। ਗਲੀਆਂ ਵਿੱਚ ਥਾਂ-ਥਾਂ ਟੋਏ ਪਏ ਹੋਏ ਹਨ।ਇਹਨਾਂ ਟੋਇਆਂ ਵਿੱਚ ਬਰਸਾਤ ਦੇ ਦਿਨਾਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ। ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ ਤੇ ਪਾਣੀ ਦੇ ਛੱਪੜ ਭਰੇ ਰਹਿੰਦੇ ਹਨ। ਰਾਤ ਨੂੰ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ ਹੈ, ਲੋਕਾਂ ਦਾ ਰਹਿਣਾ ਔਖਾ ਹੋਇਆ ਪਿਆ ਹੈ।
ਸਾਡੇ ਮੁਹੱਲੇ ਦਾ ਕੁਝ ਭਾਗ ਨੀਵਾਂ ਹੈ, ਜਿਸ ਕਰਕੇ ਥੋੜੀ ਜਿਹੀ ਬਰਸਾਤ ਨਾਲ ਪਾਣੀ ਖੜ੍ਹਾ ਹੋ ਜਾਂਦਾ ਹੈ। ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਨਗਰ ਨਿਗਮ ਨੇ ਇਸ ਪਾਸੇ ਵੱਲ ਧਿਆਨ ਦੇਣਾ ਛੱਡ ਦਿੱਤਾ ਹੈ। ਵੈਸੇ ਤਾਂ ਸਫ਼ਾਈ ਲਈ ਸੇਵਕ ਵੀ ਨਿਯੁਕਤ ਕੀਤਾ ਹੋਇਆ ਹੈ। ਉਹ ਵੀ ਬੜੀ ਬੇਪਰਵਾਹੀ ਨਾਲ ਸਫ਼ਾਈ ਕਰਦਾ ਹੈ। ਕਈ ਵਾਰੀ ਤਾਂ ਉਹ ਟੋਇਆਂ ਨੂੰ ਕੂੜੇ-ਕਰਕਟ ਨਾਲ ਹੀ ਭਰ ਦਿੰਦਾ ਹੈ ਤੇ ਇੰਨੀ ਜ਼ਿਆਦਾ ਬਦਬੂ ਫੈਲ ਜਾਂਦੀ ਹੈ ਕਿ ਨਿਕਲਣਾ ਵੀ ਔਖਾ ਹੋ ਜਾਂਦਾ ਹੈ। ਕਈ ਲੋਕਾਂ ਨੇ ਗਲੀਆਂ ਵਿੱਚ ਪਸ਼ੂ ਬੰਨੇ ਹੋਏ ਹਨ। ਪਾਣੀ ਦੇ ਨਿਕਾਸ ਦਾ ਕੋਈ ਯੋਗ ਪ੍ਰਬੰਧ ਨਹੀਂ ਹੈ। ਮੱਛਰ ਤੇ ਮੱਖੀਆਂ ਮਜ਼ੇ ਨਾਲ ਪਲ ਰਹੇ ਹਨ। ਪਿਛਲੇ ਮਹੀਨੇ ਵੀ ਦੋ-ਤਿੰਨ ਹੈਜ਼ੇ ਦੇ ਕੇਸ ਹੋ ਚੁੱਕੇ ਹਨ। ਲੋਕ ਸਹਿਮੇ ਪਏ ਹਨ। ਗੰਦਗੀ ਦੀ ਬਦਬੂ ਨੇ ਹਰ ਕਿਸੇ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ।
ਮਹੱਲੇ ਦੀਆਂ ਗਲੀਆਂ ਵਿੱਚ ਲੱਗੇ ਹੋਏ 90% ਬਲਬ ਟੁੱਟੇ ਹੋਏ ਹਨ। ਪਿਛਲੇ ਛੇ ਮਹੀਨੇ ਵਿੱਚ ਇਸ ਪਾਸੇ ਕੋਈ ਕਰਮਚਾਰੀ ਰੋਸ਼ਨੀ ਦਾ ਪ੍ਰਬੰਧ ਠੀਕ ਕਰਨ ਨਹੀਂ ਆਇਆ। ਪਿਛਲੇ ਮਹੀਨੇ ਤਾਂ ਦੋ ਮੱਝਾਂ ਗਲੀ ਵਿੱਚ ਬੈਠੀਆਂ ਹੋਈਆਂ ਸਨ। ਇੱਕ ਵਿਅਕਤੀ ਰਾਤ ਨੂੰ ਸਕੂਟਰ ਤੇ ਆ ਰਿਹਾ ਸੀ। ਉਸ ਨੂੰ ਹਨੇਰੇ ਵਿੱਚ ਕੁਝ ਦਿਖਾਈ ਨਾ ਦੇਣ ਕਾਰਨ ਉਹ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਤੇ ਹੁਣ ਤੱਕ ਹਸਪਤਾਲ ਵਿੱਚ ਪਿਆ ਹੈ। ਇਸ ਤਰ੍ਹਾਂ ਰੋਜ਼ ਛੋਟੀਆਂ-ਛੋਟੀਆਂ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।
ਅਸੀਂ ਆਸ ਕਰਦੇ ਹਾਂ ਕਿ ਸਾਡੀ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਫ਼ਾਈ ਦਾ ਉਚਿਤ ਪ੍ਰਬੰਧ ਕਰੋਗੇ ਤੇ ਨਾਲ ਹੀ ਰੋਸ਼ਨੀ ਦਾ ਪ੍ਰਬੰਧ ਠੀਕ ਕਰਨ ਵੱਲ ਵੀ ਧਿਆਨ ਦਿਓਗੇ।
ਧੰਨਵਾਦ ਸਿਹਤ |
ਆਪ ਦਾ ਵਿਸ਼ਵਾਸ ਪਾਤਰ
ਮਲਕੀਤ ਸਿੰਘ ਤੇ
ਸਮੂਹ ਮੁਹੱਲਾ ਨਿਵਾਸੀ