ਇਕ ਪੱਤਰ ਰਾਹੀਂ ਆਪਣੇ ਮਿੱਤਰ ਨੂੰ ਆਪਣੇ ਸਕੂਲ ਵਿਚ ਹੋਏ ਸਾਲਾਨਾ ਸਮਾਗਮ ਦਾ ਵੇਰਵਾ ਲਿਖੋ।
ਰਾਣੀ ਬਾਗ,
ਅੰਮ੍ਰਿਤਸਰ ।
18 ਮਾਰਚ, 20……
ਪਿਆਰੇ ਗੁਰਵਿੰਦਰ,
ਨਿੱਘੀ ਯਾਦ।
ਤੁਸੀਂ ਮੇਰੇ ਇਸ ਪੱਤਰ ਨੂੰ ਪੜ ਕੇ ਬਹੁਤ ਖੁਸ਼ ਹੋਵੇਗੇ ਕਿਉਂਕਿ ਇਸ ਪੱਤਰ ਵਿਚ ਮੈਂ ਆਪ ਨੂੰ ਆਪਣੇ ਸਕੂਲ ਵਿਚ ਹੋਏ ਇਨਾਮ ਵੰਡ ਸਮਾਗਮ ਦਾ ਹਾਲ ਲਿਖ ਰਿਹਾ ਹਾਂ, ਜਿਸ ਵਿਚ ਮੈਂ ਵੀ ਦੋ ਵਿਸ਼ਿਆਂ ਵਿਚ ਅੱਵਲ ਰਹਿਣ ਦੇ ਕਾਰਨ ਇਨਾਮ ਪ੍ਰਾਪਤ ਕੀਤੇ।
ਸਾਡੇ ਸਕੂਲ ਵਿਚ ਹਰ ਸਾਲ ਇਨਾਮ ਵੰਡ ਸਮਾਗਮ ਕੀਤਾ ਜਾਂਦਾ ਹੈ। ਇਸ ਸਾਲ ਇਹ ਸਮਾਗਮ 7 ਫਰਵਰੀ ਨੂੰ ਹੋਇਆ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਨੇ ਕੀਤੀ ਅਤੇ ਪੜਾਈ ਅਤੇ ਖੇਡਾਂ ਵਿਚੋਂ ਚੰਗੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ।
ਇਨਾਮ ਵੰਡ ਸਮਾਗਮ ਲਈ ਸਾਡੇ ਸਕੂਲ ਦੀ ਗਰਾਊਂਡ ਵਿਚ ਪ੍ਰਬੰਧ ਕੀਤਾ ਗਿਆ। ਗਰਾਊਂਡ ਵਿਚ ਬੜੇ ਸੁੰਦਰ ਸ਼ਾਮਿਆਨੇ ਲਾਏ ਗਏ। ਇਕ ਬਹੁਤ ਵੱਡੀ ਸਟੇਜ ਬਣਾਈ ਗਈ। ਸਟੇਜ ਉੱਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦੇ ਬੈਠਣ ਲਈ ਕੁਰਸੀਆਂ ਲਗਾਈਆਂ ਹੋਈਆਂ ਸਨ। ਪੰਡਾਲ ਵਿਚ ਵੀ ਕੁਰਸੀਆਂ ਲਗਾਈਆਂ ਹੋਈਆਂ ਸਨ ਜਿਹਨਾਂ ਉੱਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਲਈ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਸੀ। ਸਕੂਲ ਦੇ ਵਿਦਿਆਰਥੀਆਂ ਨੂੰ ਦਰੀਆਂ ਉੱਤੇ ਬਿਠਾਇਆ ਗਿਆ। ਜਿਹਨਾਂ ਵਿਦਿਆਰਥੀਆਂ ਨੇ ਇਨਾਮ ਪ੍ਰਾਪਤ ਕਰਨਾ ਸੀ, ਉਹਨਾਂ ਨੂੰ ਸਟੇਜ ਦੇ ਨੇੜੇ ਇਕ ਬੈਂਚ ਤੇ ਬਿਠਾਇਆ ਹੋਇਆ ਸੀ। ਸਾਰੇ ਸਕੂਲ ਨੂੰ ਸੱਜ-ਵਿਆਹੀ ਮੁਟਿਆਰ ਵਾਂਗ ਸਜਾਇਆ ਗਿਆ ਸੀ।
ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਠੀਕ ਨੌਂ ਵਜੇ ਅੱਪੜ ਗਏ। ਜਿਹਨਾਂ ਦਾ ਸੁਆਗਤ ਸਕੂਲ ਦੇ ਪ੍ਰਿੰਸੀਪਲ ਸਾਹਿਬ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਉਹਨਾਂਦੇ ਗਲ ਵਿਚ ਫੁੱਲਾਂ ਦੇ ਹਾਰ ਪਾ ਕੇ ਕੀਤਾ। ਸਕੂਲ ਦਾ ਬੈਂਡ ਵਜਾਇਆ ਗਿਆ ਅਤੇ ਉਹਨਾਂ ਨੂੰ ਬੈਂਡ ਵਾਜੇ ਨਾਲ ਪੰਡਾਲ ਵਿਚ ਲਿਆਂਦਾ ਗਿਆ।
ਸਭ ਤੋਂ ਪਹਿਲਾਂ ਸਕੂਲ ਦੇ ਪੀ. ਟੀ. ਸਾਹਿਬ ਨੇ ਉਹਨਾਂ ਦੇ ਸੁਆਗਤ ਵਿਚ ਇਕ ਕਵਿਤਾ ਪੜੀ। ਫਿਰ ਸਕੂਲ ਦੇ ਵਿਦਿਆਰਥੀਆਂ ਵਲੋਂ ਇਕ ਦੇਸ਼ ਪਿਆਰ ਦਾ ਸਮੂਹ ਗਾਣ ਗਾਇਆ ਗਿਆ, ਜਿਸਨੂੰ ਰਾਜਪਾਲ ਨੇ ਬਹੁਤ ਸਰਾਹਿਆ। ਪ੍ਰਿੰਸੀਪਲ ਸਾਹਿਬ ਵਲੋਂ ਸਕੂਲ ਸੰਬੰਧੀ ਇਕ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿਚ ਉਹਨਾਂ ਵੱਲੋਂ ਸਕੂਲ ਦੀ ਵੱਖ-ਵੱਖ ਖੇਤਰਾਂ ਵਿਚ ਕੀਤੀ ਗਈ ਤਰੱਕੀ ਦਾ ਵਰਣਨ ਕੀਤਾ ਗਿਆ। ਉਸ ਤੋਂ ਪਿਛੋਂ ਸਕੂਲ ਦੇ ਮੈਨੇਜਰ ਸਾਹਿਬ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਰਾਜਪਾਲ ਨੂੰ ਬੱਚਿਆਂ ਵਿਚ ਇਨਾਮ ਵੰਡਣ ਲਈ ਬੇਨਤੀ ਕੀਤੀ।
ਰਾਜਪਾਲ ਨੇ ਸਕੂਲ ਦੀ ਤਰੱਕੀ ਉੱਤੇ ਪ੍ਰਸੰਨਤਾ ਪ੍ਰਗਟ ਕੀਤੀ ਅਤੇ ਉਹਨਾਂ ਬੱਚਿਆਂ ਨੂੰ ਵਧਾਈ ਦਿੱਤੀ ਜਿਹਨਾਂ ਨੇ ਮਿਹਨਤ ਕਰਕੇ ਪੜ੍ਹਾਈ ਅਤੇ ਖੇਡਾਂ ਵਿਚ ਚੰਗੇ ਸਥਾਨ ਪਾਪਤ ਕੀਤੇ। ਇਸ ਤੋਂ ਪਿੱਛੋਂ ਉਹਨਾਂ ਨੇ ਬੱਚਿਆਂ ਵਿਚ ਇਨਾਮ ਵੰਡੇ। ਮੈਨੂੰ ਪੰਜਾਬੀ ਅਤੇ ਗਣਿਤ ਵਿਚ ਅੱਵਲ ਆਉਣ ਲਈ ਕੁਝ ਪੁਸਤਕਾਂ ਇਨਾਮ ਵੱਜੋਂ ਮਿਲੀਆਂ।
ਆਪ ਦੇ ਮਾਤਾ-ਪਿਤਾ ਜੀ ਨੂੰ ਚਰਨ ਬੰਦਨਾ ਪੁੱਜੇ।
ਆਪ ਦਾ ਪਿਆਰਾ ਮਿੱਤਰ,
ਰਮਨਜੀਤ