ਤੁਹਾਡੇ ਇਲਾਕੇ ਵਿਚ ਅੱਖਾਂ ਦੀ ਬੀਮਾਰੀ ਫੈਲ ਰਹੀ ਹੈ। ਇਸ ਦੀ ਰੋਕਥਾਮ ਲਈ ਸਿਹਤ ਅਫ਼ਸਰ ਨੂੰ ਇਕ ਪੱਤਰ ਲਿਖੋ।
ਸਿਹਤ ਅਧਿਕਾਰੀ,
ਜ਼ਿਲ੍ਹਾ ਰੋਪੜ,
ਰੋਪੜ ਵਿਸ਼ਾ-ਅੱਖਾਂ ਦੀ ਬੀਮਾਰੀ ਦੇ ਰੋਕਥਾਮ ਲਈ।
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਅੱਜ ਤੋਂ ਹਫ਼ਤਾ ਕੁ ਪਹਿਲਾਂ ਵੀ ਆਪ ਦੀ ਸੇਵਾ ਵਿਚ, ਆਪਣੇ ਪਿੰਡ ਵਿਚ ਫੈਲੀ ਅੱਖਾਂ ਦੀ ਬੀਮਾਰੀ ਬਾਰੇ ਪੱਤਰ ਲਿਖਿਆ ਸੀ। ਪਰ ਹੁਣ ਜਦੋਂ ਇਹ ਛੂਤ ਦੀ ਬੀਮਾਰੀ ਦਿਨ-ਪ੍ਰਤੀ-ਦਿਨ ਨਾਜ਼ੁਕ ਰੂਪ ਧਾਰਨ ਕਰ ਰਹੀ ਹੈ ਤਾਂ ਤੁਰੰਤ ਕਾਰਵਾਈ ਕਰਨ ਲਈ ਆਪ ਨੂੰ ਬੇਨਤੀ ਪੱਤਰ ਲਿਖਣ ਲਈ ਫੇਰ ਮਜ਼ਬੂਰ ਹੋਇਆ ਹਾਂ।
ਮੈਂ ਆਪਣੇ ਪਹਿਲੇ ਪੱਤਰ ਵਿਚ ਦੱਸਿਆ ਸੀ ਕਿ ਪਿੰਡ ਵਿਚ ਕੋਈ ਦਸ ਦੇ ਲਗਭਗ ਵਿਅਕਤੀ ਇਸ ਰੋਗ ਨਾਲ ਪੀੜਤ ਹਨ। ਪਰ ਹੁਣ ਇਹ ਬੀਮਾਰੀ ਕਾਫ਼ੀ ਫੈਲ ਗਈ ਹੈ ਤੇ ਖਾਸ ਤੌਰ ਤੇ ਬੱਚੇ ਕਾਫ਼ੀ ਗਿਣਤੀ ਵਿਚ ਇਸ ਦਾ ਸ਼ਿਕਾਰ ਹੋ ਰਹੇ ਹਨ। ਕੋਈ ਵਿਰਲਾ ਹੀ ਘਰ ਹੋਵੇਗਾ, ਜਿੱਥੇ ਇਸ ਬੀਮਾਰੀ ਨੇ ਡੇਰੇ ਨਾ ਲਾਏ ਹੋਣ। ਇਸ ਕਾਰਣ ਪਿੰਡ ਵਿਚ ਕਾਫੀ ਘਬਰਾਹਟ ਤੇ ਬੇਚੈਨੀ ਫੈਲੀ ਹੋਈ ਹੈ।
ਇਸ ਲਈ ਆਪ ਅੱਗੇ ਪੁਰਜ਼ੋਰ ਬੇਨਤੀ ਹੈ ਕਿ ਇਸ ਨੂੰ ਰੋਕਣ ਲਈ ਆਪਣੇ ਮਹਿਕਮੇ ਦੇ ਕਰਮਚਾਰੀ ਤੁਰੰਤ ਹੀ ਭੇਜ ਕੇ ਰੋਗਗਸਤ ਮਰੀਜ਼ਾਂ ਨੂੰ ਇਸ ਰੋਗ ਤੋਂ ਛੁਟਕਾਰਾ ਦਿਵਾਓ ਅਤੇ ਬਾਕੀ ਦੇ ਪਿੰਡ ਵਾਸੀਆਂ ਦੀਆਂ ਅੱਖਾਂ ਵਿਚ ਦਵਾਈ ਪਾਓ ਤਾਂ ਜੋ ਉਹਨਾਂ ਨੂੰ ਇਸ ਛੂਤ ਦੀ ਬੀਮਾਰੀ ਦੇ ਹੱਲ ਤੋਂ ਬਚਾਇਆ ਜਾ ਸਕੇ। ਅਸੀਂ ਪਿੰਡ ਨਿਵਾਸੀ ਆਪ ਦੇ ਬਹੁਤ ਧੰਨਵਾਦੀ ਹੋਵਾਂਗੇ।
ਆਪ ਦਾ ਵਿਸ਼ਵਾਸਪਾਤਰ,
ਮਨਮੋਹਨ ਸਿੰਘ (ਸੂਬੇਦਾਰ),
ਸਰਪੰਚ, ਗਾਮ ਪੰਚਾਇਤ ਸੌੜੀਆਂ,
ਜ਼ਿਲ੍ਹਾ ਰੋਪੜ ਮਿਤੀ : 15 ਅਪ੍ਰੈਲ, 20…..