ਆਪਣੇ ਸਭ ਤੋਂ ਚੰਗੇ ਅਧਿਆਪਕ ਨੂੰ ਆਪਣੇ ਘਰ ਦੀ ਸਥਿਤੀ ਅਤੇ ਮਾਪਿਆਂ ਦੀ ਇੱਛਾ ਅਤੇ ਆਪਣੀ ਰੁਚੀ ਦੱਸਦੇ ਹੋਏ ਰਾਏ ਲਵੋ ਕਿ ਤੁਸੀਂ ਦੱਸਵੀਂ ਪਾਸ ਕਰਨ ਤੋਂ ਬਾਅਦ ਕੀ ਕਰੋਗੇ ?
42, ਬਸੰਤ ਨਗਰ,
ਸੋਡਲ ਰੋਡ, ਜਲੰਧਰ।
18 ਅਪ੍ਰੈਲ, 20…….
ਸਤਿਕਾਰਯੋਗ ਅਧਿਆਪਕ ਜੀ,
ਸਤਿ ਸ੍ਰੀ ਅਕਾਲ। ਹੁਣ ਤਕ ਆਪ ਨੇ ਮੇਰਾ ਦਸਵੀਂ ਦਾ ਨਤੀਜਾ ਵੇਖ ਹੀ ਲਿਆ ਹੋਵੇਗਾ। ਆਪ ਜੀ ਵਲੋਂ ਕਰਵਾਈ ਮਿਹਨਤ ਅਤੇ ਸੂਝ-ਬੂਝ ਸਦਕਾ ਮੈਂ ਚੰਗੇ ਨੰਬਰਾਂ ਨਾਲ ਪਾਸ ਹੋ ਗਿਆ ਹਾਂ। ਆਪ ਸਾਨੂੰ ਉੱਚੀ ਵਿੱਦਿਆ ਪ੍ਰਾਪਤ ਕਰਨ ਲਈ ਪ੍ਰੇਰਨਾ ਦਿੰਦੇ ਰਹਿੰਦੇ ਸੀ। ਹੁਣ ਮੈਂ ਇਕ ਵਾਰ ਮੁੜ ਆਪਣੀ ਉਚੇਰੀ ਵਿੱਦਿਆ ਸੰਬੰਧੀ ਆਪ ਤੋਂ ਕੁਝ ਸਲਾਹ ਪ੍ਰਾਪਤ ਕਰਨੀ ਚਾਹੁੰਦਾ ਹਾਂ।
ਆਪ ਜੀ ਨੂੰ ਸ਼ਾਇਦ ਸਾਡੇ ਘਰ ਦੀ ਆਰਥਿਕ ਸਥਿਤੀ ਬਾਰੇ ਪੂਰੀ ਜਾਣਕਾਰੀ ਨਹੀਂ। ਅਸੀਂ ਚਾਰ ਭੈਣ ਭਰਾ ਹਾਂ। ਮੇਰੇ ਪਿਤਾ ਜੀ ਦੀ ਮਾਸਿਕ ਤਨਖਾਹ 1500 ਰੁਪਏ ਹੈ। ਸਾਰੇ ਪਰਿਵਾਰ ਦਾ ਗੁਜ਼ਾਰਾ ਕੇਵਲ ਉਹਨਾਂ ਦੀ ਤਨਖਾਹ ਨਾਲ ਹੀ ਚੱਲਦਾ ਹੈ। ਜੇਕਰ ਮੈਂ ਕਾਲਜ ਵਿਚ ਦਾਖਲ ਹੋ ਜਾਵਾਂ, ਤਾਂ ਉਹ ਮੇਰੀ ਕਾਲਜ ਦੀ ਪੜ੍ਹਾਈ ਦਾ ਖਰਚ ਨਹੀਂ ਦੇ ਸਕਣਗੇ। ਉਹਨਾਂ ਦੀ ਇਹ ਸੱਧਰ ਹੈ ਕਿ ਮੈਂ ਕੋਈ ਛੋਟੀ-ਮੋਟੀ ਨੌਕਰੀ ਕਰ ਲਵਾਂ ਅਤੇ ਘਰ ਦੇ ਖਰਚ ਚਲਾਉਣ ਵਿਚ ਉਹਨਾਂ ਦੀ ਮੱਦਦ ਕਰਾਂ।
ਮੈਂ ਉੱਚੀ ਵਿੱਦਿਆ ਪ੍ਰਾਪਤ ਕਰਕੇ ਅਧਿਆਪਕ ਬਣਨਾ ਚਾਹੁੰਦਾ ਹਾਂ। ਇਸ ਲਈ ਮੇਰਾ ਇਹ ਵਿਚਾਰ ਹੈ ਕਿ ਮੈਂ ਕਿਸੇ ਪ੍ਰਾਈਵੇਟ ਫਰਮ ਵਿਚ ਜਾਂ ਜਿੱਥੇ ਵੀ ਮਿਲੇ ਨੌਕਰੀ ਕਰ ਲਵਾਂ। ਮੈਂ ਈਵਨਿੰਗ ਕਾਲਜ ਵਿਚ ਦਾਖਲ ਹੋ ਜਾਵਾਂਗਾ। ਇੰਝ ਮੈਂ ਘਰ ਦੇ ਖਰਚ ਲਈ ਸਹਾਇਤਾਂ ਵੀ ਕਰ ਸਕਾਂਗਾ ਅਤੇ ਆਪਣੀ ਪੜਾਈ ਲਈ ਖਰਚ ਵੀ ਕੱਢ ਸਕਾਂਗਾ।
ਆਪ ਮੈਨੂੰ ਇਸ ਮੇਰੇ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਲਿਖਣ ਦੀ ਕਿਰਪਾਲਤਾ ਕਰਨੀ। ਮੈਨੂੰ ਆਪ ਦੀ ਸਲਾਹ ਅਤੇ ਯੋਗ ਅਗਵਾਈ ਵਿਚ ਪੂਰਾ-ਪੂਰਾ ਭਰੋਸਾ ਹੈ।
ਆਪ ਦੇ ਉੱਤਰ ਦੇ ਇੰਤਜ਼ਾਰ ਵਿਚ।
ਆਪ ਜੀ ਦਾ ਆਗਿਆਕਾਰੀ,
ਮਨਜੀਤ ਸਿੰਘ