Punjabi Essay on “Radio aur Television ke Labh”, “ਰੇਡੀਓ ਅਤੇ ਟੈਲੀਵਿਜ਼ਨ ਦੇ ਲਾਭ”, Punjabi Essay for Class 10, Class 12 ,B.A Students and Competitive Examinations.

ਰੇਡੀਓ ਅਤੇ ਟੈਲੀਵਿਜ਼ਨ ਦੇ ਲਾਭ

Radio aur Television ke Labh

ਜਾਣ-ਪਛਾਣ : ਰੇਡੀਓ ਅਤੇ ਟੈਲੀਵਿਜ਼ਨ 20ਵੀਂ ਸਦੀ ਦੇ ਵਿਗਿਆਨ ਦੀਆਂ ਹੈਰਾਨੀਜਨਕ ਖੋਜਾਂ ਹਨ। ਇਹ ਆਧੁਨਿਕ ਸਮਾਜ ਲਈ ਦਿਲਪਰਚਾਵੇ ਦੇ ਸਾਧਨ ਹਨ ਅਤੇ ਮਨੋਰੰਜਨ ਦੇ ਇਸ ਕੰਮ ਵਿਚ ਰੇਡੀਓ ਅਤੇ ਟੈਲੀਵਿਜ਼ਨ ਇਕ-ਦੂਜੇ ਦੇ ਪੂਰਕ ਬਣ ਗਏ ਹਨ। ਇਹ ਦੋਵੇਂ ਸਾਧਨ ਰਾਤ-ਦਿਨ ਸਾਡਾ ਦਿਲ ਪਰਚਾਉਣ ਦੀ ਤਾਕਤ ਰੱਖਦੇ ਹਨ। ਇਸ ਤੇ ਵੀ ਰਾਤ ਵੇਲੇ ਸਾਡੇ ਮਨੋਰੰਜਨ ਦੇ ਕੰਮ ਵਿਚ ਜੋ ਸਥਾਨ ਟੈਲੀਵਿਜ਼ਨ ਦਾ ਹੈ, ਉਹ ਰੇਡੀਓ ਦਾ ਨਹੀਂ ਅਤੇ ਦਿਨੇ ਜੋ ਸਥਾਨ ਰੇਡੀਓ ਦਾ ਹੈ, ਉਹ ਟੈਲੀਵਿਜ਼ਨ ਦਾ ਨਹੀਂ। ਇਹਨਾਂ ਦੋਹਾਂ ਦੇ ਫਾਇਦੇ ਲਗਭਗ ਇਕੋ ਜਿਹੇ ਹੀ ਹਨ, ਕੇਵਲ ਫਰਕ ਹੈ, ਤਾਂ ਇਹਨਾਂ ਫਾਇਦਿਆਂ ਦੇ ਦਰਜੇ ਦੇ ਘੱਟ ਜ਼ਿਆਦਾ ਹੋਣ ਦਾ ਹੈ। ਰੇਡੀਓ ਰਾਹੀਂ ਕੇਵਲ ਆਵਾਜ਼ ਹੀ ਸਾਡੇ ਤੱਕ ਪਹੁੰਚਦੀ ਹੈ, ਪਰ ਟੈਲੀਵਿਜ਼ਨ ਰਾਹੀਂ ਆਵਾਜ਼ ਦੇ ਨਾਲ-ਨਾਲ ਸਾਡੇ ਤੱਕ ਪ੍ਰੋਗਰਾਮ ਵਿਚ ਭਾਗ ਲੈਣ ਵਾਲਿਆਂ ਦੇ ਚਿੱਤਰ ਵੀ ਪਹੁੰਚਦੇ ਹਨ। ਇਸ ਪ੍ਰਕਾਰ ਟੈਲੀਵਿਜ਼ਨ ਮਨੋਰੰਜਨ ਦਾ ਜਿਉਂਦਾ ਜਾਗਦਾ ਤੇ ਪ੍ਰਭਾਵਸ਼ਾਲੀ ਸਾਧਨ ਹੈ। ਇਸ ਵਿਚ ਸਿਨਮਾ ਤੇ ਰੇਡੀਓ ਦੇ ਮਿਲੇ-ਜੁਲੇ ਗੁਣ ਹਨ।

ਮਨੋਰੰਜਨ ਦੇ ਸਾਧਨ : ਇਹਨਾਂ ਦੋਹਾਂ ਦਾ ਵੱਡਾ ਲਾਭ ਉੱਪਰ ਦੱਸੇ ਅਨੁਸਾਰ ਮਨੁੱਖ ਦੇ ਮਨੋਰੰਜਨ ਦਾ ਸਾਧਨ ਹੋਣਾ ਹੈ। ਰੇਡੀਓ ਰਾਹੀਂ ਹਰ ਮਨੁੱਖ ਚਾਹੇ ਉਹ ਕੰਮ ਕਰਦਾ ਹੈ ਜਾਂ ਵਿਹਲਾ ਬੈਠਾ ਹੈ, ਆਪਣਾ ਦਿਲ ਪਰਚਾਅ ਸਕਦਾ ਹੈ। ਉਸ ਦੇ ਕੰਨੀਂ ਪੈਂਦੀ ਗਾਣਿਆਂ ਦੀ ਮਿੱਠੀ-ਮਿੱਠੀ ਆਵਾਜ਼ ਉਸ ਦੇ ਮਨ ਨੂੰ ਪੁਲਕਿਤ ਕਰਦੀ ਰਹਿੰਦੀ ਹੈ। ਇਸ ਮਨੋਰੰਜਨ ਵਿਚ ਗਾਣੇ, ਚੁਟਕਲੇ, ਕਹਾਣੀਆਂ, ਘਟਨਾਵਾਂ, ਖਬਰਾਂ ਤੇ ਆਮ ਗਿਆਨ ਸ਼ਾਮਿਲ ਹੁੰਦਾ ਹੈ।

ਟੈਲੀਵਿਜ਼ਨ ਸਾਡਾ ਮਨੋਰੰਜਨ ਕਰਨ ਵਿਚ ‘ਰੇਡੀਓ ਨਾਲੋਂ ਵਧੇਰੇ ਸਹਾਇਕ ਹੈ. ਕਿਉਂਕਿ ਇਸ ਵਿਚ ਆਵਾਜ਼ ਦੇ ਨਾਲ-ਨਾਲ ਚਿੱਤਰ ਵੀ ਆਉਂਦੇ ਹਨ। ਇਸ ਪ੍ਰਕਾਰ ਇਹ ਮਨੋਰੰਜਨ ਦਾ ਵਧੇਰੇ ਜੀਵਿਤ ਤੇ ਆਕਰਸ਼ਕ ਸਾਧਨ ਹੈ। ਅਸੀਂ ਘਰ ਬੈਠੇ ਹੀ ਪੁਰਾਣੀਆਂ ਫਿਲਮਾਂ, ਨਾਟਕ, ਮੈਚ, ਨਾਚ ਅਤੇ ਗਾਣੇ ਦੇਖਦੇ ਅਤੇ ਸੁਣਦੇ ਹਾਂ ਅਤੇ ਇਸ ਪ੍ਰਕਾਰ ਆਪਣਾ ਮਨਪਰਚਾਉਂਦੇ ਹਾਂ।

ਰੇਡੀਓ ਅਤੇ ਟੈਲੀਵਿਜ਼ਨ ਦਾ ਇਹ ਫਾਇਦਾ ਕੰਮਕਾਰ ਨਾਲ ਥੱਕੇ-ਟੁੱਟੇ ਵਿਅਕਤੀ ਲਈ ਬਹੁਤ ਫਾਇਦੇਮੰਦ ਹੈ, ਪਰ ਸਾਡੇ ਦੇਸ਼ ਵਿਚ ਇਸ ਦਾ ਲਾਭ ਸਾਰੇ ਲੋਕ ਨਹੀਂ ਉਠਾ ਸਕਦੇ। ਟੈਲੀਵਿਜ਼ਨ ਹਰ ਕੋਈ ਨਹੀਂ ਖਰੀਦ ਸਕਦਾ, ਇਸ ਕਰਕੇ ਬਹੁਤ ਸਾਰੇ ਲੋਕ ਰੇਡੀਓ ਤੋਂ ਹੀ ਕੰਮ ਲੈਂਦੇ ਹਨ, ਪਰ ਕਈ ਤਾਂ ਇਹ ਵੀ ਨਹੀਂ ਖਰੀਦ ਸਕਦੇ।

ਜਾਣਕਾਰੀ ਅਤੇ ਗਿਆਨ ਦੇ ਸਰੋਤ : ਰੇਡੀਓ ਤੇ ਟੈਲੀਵਿਜ਼ਨ ਦਾ ਇਕ ਹੋਰ ਵੱਡਾ ਫਾਇਦਾ ਇਹ ਹੈ ਕਿ ਇਹਨਾਂ ਰਾਹੀਂ ਸਾਨੂੰ ਵੱਖ-ਵੱਖ ਉਸਾਰੂ ਕੰਮਾਂ ਬਾਰੇ ਜਾਣਕਾਰੀ ਦਿੱਤੀ ਇਹ ਜਾਂਦੀ ਹੈ। ਟੈਲੀਵਿਜ਼ਨ ਰਾਹੀਂ ਤਾਂ ਇਹਨਾਂ ਚੀਜ਼ਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ, ਜਿਵੇਂ ਖੇਤੀਬਾੜੀ ਦੇ ਆਧੁਨਿਕ ਔਜਾਰਾਂ ਅਤੇ ਅਤੇ ਸਾਧਨਾਂ ਦਾ ਪ੍ਰਯੋਗ, ਬੀਜ ਬੀਜਣ ਦੇ ਢੰਗ ਕੀੜੇਮਾਰ ਦਵਾਈਆਂ ਦਾ ਇਸਤੇਮਾਲ, ਫਸਲ ਸੰਭਾਲਣ ਦੇ ਢੰਗ ਆਦਿ ਦੀ ਜਾਣਕਾਰੀ। ਜੋ ਪਕਾਰ ਹੀ ਹਵਾਈ ਹਮਲੇ ਤੋਂ ਬਚਾਓ, ਮੁਰਗੀਆਂ ਪਾਲਣ ਵਰਗੇ ਕੰਮਾਂ, ਭੋਜਨ ਪਕਾਉਣ ਬੱਚਿਆਂ ਦੀ ਪੜਾਈ ਤੇ ਸਿਹਤ ਆਦਿ ਲਈ ਅਸੀਂ ਇਹਨਾਂ ਤੋਂ ਬੜੀ ਕੀਮਤੀ ਜਾਣਕਾਰੀ ਪ੍ਰਾਪਤ ਕਰਦੇ ਹਾਂ।

ਵਪਾਰਕ ਲਾਭ : ਰੇਡੀਓ ਅਤੇ ਟੈਲੀਵਿਜ਼ਨ ਦਾ ਤੀਜਾ ਵੱਡਾ ਫਾਇਦਾ ਵਪਾਰਕ ਅਦਾਰਿਆਂ ਨੂੰ ਹੈ। ਇਹਨਾਂ ਰਾਹੀਂ ਵਪਾਰੀ ਲੋਕ ਆਪਣੇ ਮਾਲ ਦੀ ਮਸ਼ਹੂਰੀ ਕਰ ਕੇ ਲਾਭ ਕਮਾਉਂਦੇ ਹਨ, ਜਿਸ ਨਾਲ ਮੰਗ ਵੱਧਦੀ ਹੈ ਤੇ ਦੇਸ਼ ਵਿਚ ਮਾਲ ਦੀ ਪੈਦਾਵਾਰ ਵਿਚ ਵਾਧਾ ਹੁੰਦਾ ਹੈ। ਨਾਲ ਹੀ ਇਸ ਮਸ਼ਹੂਰੀ ਲਈ ਸਰਕਾਰ ਇਹਨਾਂ ਵਪਾਰੀਆਂ ਤੋਂ ਬਹੁਤ ਸਾਰੇ ਪੈਸੇ ਵਸਲ ਕਰਦੀ ਹੈ, ਜਿਸ ਨਾਲ ਸਰਕਾਰ ਕਈ ਯੋਜਨਾਵਾਂ ਚਲਾਉਂਦੀ ਹੈ।

ਤਾਜ਼ੇ ਸਮਾਚਾਰਾਂ ਦੀ ਜਾਣਕਾਰੀ : ਇਹਨਾਂ ਦਾ ਚੌਥਾ ਵੱਡਾ ਫਾਇਦਾ ਤਾਜ਼ੀਆਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਦੇਣਾ ਹੈ। ਭਾਵੇਂ ਇਹ ਕੰਮ ਅਖਬਾਰਾਂ ਵੀ ਕਰਦੀਆਂ ਹਨ, ਪਰ ਅਖਬਾਰਾਂ ਬੀਤੇ ਦਿਨ ਦੀਆਂ ਖਬਰਾਂ ਦਿੰਦੀਆਂ ਹਨ, ਜਦੋਂ ਕਿ ਇਹ ਸਾਧਨ ਉਸ ਦਿਨ ਵਾਪਰਦੀਆਂ ਜਾਂ ਕੁਝ ਵਕਤ ਪਹਿਲਾਂ ਵਾਪਰੀਆਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੰਦੇ ਹਨ।

ਰੋਜ਼ਗਾਰ ਦੇ ਸਾਧਨ : ਰੇਡੀਓ ਅਤੇ ਟੈਲੀਵਿਜ਼ਨ ਦਾ ਅਗਲਾ ਵੱਡਾ ਫਾਇਦਾ ਇਹ ਹੈ ਕਿ ਰੇਡੀਓ ਸਟੇਸ਼ਨ ਅਤੇ ਟੈਲੀਵਿਜ਼ਨ ਸਟੇਸ਼ਨਾਂ ‘ਤੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਅਤੇ ਨਾਲ ਹੀ ਕਲਾਕਾਰਾਂ ਦੀ ਰੋਟੀ ਚੱਲਦੀ ਹੈ।

ਲੋਕਾਂ ਦੀਆਂ ਰਚੀਆਂ ਤੇ ਵਿਚਾਰਾਂ ਨੂੰ ਮੋੜ ਦੇਣਾ : ਰੇਡੀਓ ਅਤੇ ਟੈਲੀਵਿਜ਼ਨ ਪ੍ਰਚਾਰ ਦੇ ਪ੍ਰਮੁੱਖ ਸਾਧਨ ਹੋਣ ਕਰਕੇ ਇਹਨਾਂ ਰਾਹੀਂ ਸਰਕਾਰ ਲੋਕਾਂ ਦੀਆਂ ਰੁਚੀਆਂ ਅਤੇ ਵਿਚਾਰਾਂ ਨੂੰ ਜਿੱਧਰ ਚਾਹੇ ਮੋੜ ਸਕਦੀ ਹੈ। ਲੋਕਾਂ ਨੂੰ ਨਿਰਮਾਣਵਾਦੀ ਕੰਮਾਂ ਵੱਲ ਲਾਉਣ ਵਿਚ ਰੇਡੀਓ ਤੇ ਟੈਲੀਵਿਜ਼ਨ ਬਹੁਤ ਹਿੱਸਾ ਪਾ ਸਕਦੇ ਹਨ।

ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਰੇਡੀਓ ਅਤੇ ਟੈਲੀਵਿਜ਼ਨ ਤੋਂ ਸਾਨੂੰ ਬਹੁਤ ਸਾਰੇ ਫਾਇਦੇ ਹਨ। ਇਹ ਸਾਡੇ ਜੀਵਨ ਦਾ ਇਕ ਅਭਿੰਨ ਅੰਗ ਬਣ ਚੁੱਕੇ ਹਨ ਤੇ ਇਹਨਾਂ ਤੋਂ ਹਰ ਵਿਅਕਤੀ ਫਾਇਦਾ ਲੈਣਾ ਚਾਹੁੰਦਾ ਹੈ।

Leave a Reply