Punjabi Essay on “Chhatrapati Shivaji”, “ਛੱਤਰਪਤੀ ਸ਼ਿਵਾ ਜੀ ਮਰਾਠਾ”, Punjabi Essay for Class 10, Class 12 ,B.A Students and Competitive Examinations.

ਛੱਤਰਪਤੀ ਸ਼ਿਵਾ ਜੀ ਮਰਾਠਾ

Chhatrapati Shivaji

 

ਜਾਣ-ਪਛਾਣ : ਛੱਤਰਪਤੀ ਸ਼ਿਵਾ ਜੀ ਮਰਾਠਾ ਭਾਰਤ ਵਿਚ ਮੁਗ਼ਲ ਸਾਮਰਾਜ ਦੀਆਂ ਜੜਾਂ ਖੋਖਲੀਆਂ ਕਰਨ ਵਾਲਾ ਮਹਾਨ ਯੋਧਾ ਸੀ। ਇਸਦੇ ਨਾਲ ਹੀ ਉਹ ਭਾਰਤ ਦੇ ਹਿੰਦੂਆਂ ਦਾ ਮਹਾਨ ਰੱਖਿਅਕ ਸੀ। ਉਸ ਨੇ ਅੰਰਗਜ਼ੇਬ ਵੱਲ ਹਿੰਦੁਆਂ ਉੱਤੇ ਹੁੰਦੇ ਜ਼ੁਲਮਾਂ ਦਾ ਬੜਾ ਬਹਾਦਰੀ ਨਾਲ ਮੁਕਾਬਲਾ ਕੀਤਾ। ਸ਼ਿਵਾ ਜੀ ਮਰਾਠਾ ਉਹ ਪਹਿਲਾ ਬਹਾਦਰ ਯੋਧਾ ਸੀ ਜਿਸ ਨੇ ਦੱਖਣ ਵਿਚ ਆਜ਼ਾਦ ਹਿੰਦੂ ਰਾਜ ਸਥਾਪਿਤ ਕਰਕੇ ਭਾਰਤ ਦੀ ਸਦੀਆਂ ਦੀ ਗੁਲਾਮੀ ਨੂੰ ਖਤਮ ਕਰਨ ਦੀ ਸਫਲ ਕੋਸ਼ਿਸ਼ ਕੀਤੀ।

ਜਨਮ ਅਤੇ ਮਾਤਾ-ਪਿਤਾ : ਸ਼ਿਵਾ ਜੀ ਦਾ ਜਨਮ ਪੂਨਾ ਵਿਖੇ ਸੰਨ 1627 ਵਿਚ ਹੋਇਆ। ਉਹਨਾਂ ਦੇ ਪਿਤਾ ਸ਼ਾਹ ਜੀ ਭੌਸਲਾ ਬੀਜਾਪੁਰ ਦੇ ਮੁਸਲਮਾਨ ਹਾਕਮ ਦਾ ਵੱਡਾ ਜਾਗੀਰਦਾਰ ਸੀ। ਉਸ ਦੀ ਮਾਤਾ ਜੀਜਾਬਾਈ ਬੜੀ ਧਾਰਮਿਕ ਵਿਚਾਰਾਂ ਵਾਲੀ ਔਰਤ ਸੀ। ਇਸ ਦੇ ਨਾਲ ਹੀ ਉਹ ਆਪਣੇ ਦਿਲ ਵਿਚ ਦੇਸ਼ ਪ੍ਰੇਮ ਦੀ ਅਥਾਹ ਭਾਵਨਾ ਰੱਖਦੀ ਸੀ।

ਬਚਪਨ ਅਤੇ ਵਿੱਦਿਆ : ਸ਼ਿਵਾ ਜੀ ਨੇ ਆਪਣਾ ਬਚਪਨ ਬੀਜਾਪੁਰ ਵਿਚ ਹੀ ਬਿਤਾਇਆ। ਉਸ ਦੀ ਵਿੱਦਿਆ ਦਾ ਕੰਮ ਇਕ ਬੁੱਧੀਮਾਨ ਦਾਦਾ ਜੀ ਨੂੰ ਸੌਂਪਿਆ ਗਿਆ। ਦਾਦਾ ਜੀ ਨੇ ਉਸ ਨੂੰ ਜ਼ਰੂਰੀ ਵਿੱਦਿਆ ਦੇਣ ਦੀ ਥਾਂ ਲੜਾਈ ਦੀ ਪੂਰੀ ਸਿਖਲਾਈ ਵੀ ਦਿੱਤੀ ਅਤੇ ਹਥਿਆਰ ਚਲਾਉਣ ਵਿਚ ਨਿਪੁੰਨ ਬਣਾ ਦਿੱਤਾ। ਉਸ ਦੀ ਮਾਤਾ ਜੀਜਾ ਬਾਈ ਨੇ ਉਸ ਨੂੰ ਰਮਾਇਣ ਅਤੇ ਮਹਾਂਭਾਰਤ ਵਾਲੇ ਸਮੇਂ ਦੇ ਪੁਰਾਤਨ ਭਾਰਤੀ ਸੂਰਬੀਰਾਂ ਦੀਆਂ ਸਾਖੀਆਂ ਸੁਣਾ-ਸੁਣਾ ਕੇ ਉਸ ਦੇ ਦਿਲ ਵਿਚ ਦੇਸ਼ ਪਿਆਰ ਦੀ ਭਾਵਨਾ ਪੈਦਾ ਕੀਤੀ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਭਾਵੇਂ ਸ਼ਿਵਾ ਜੀ ਬਿਲਕੁਲ ਅਨਪੜ ਰਹੇ, ਪਰ ਉਹਨਾਂ ਨੇ ਭਾਰਤ ਦੇਸ਼ ਦੀ ਸੁਤੰਤਰਤਾ ਖਾਤਰ ਲੜ ਮਰਨ ਦੀ ਅਸਲ ਵਿੱਦਿਆ ਪ੍ਰਾਪਤ ਕੀਤੀ।

ਪਿਤਾ ਨਾਲ ਅਣਬਣ : ਜਦੋਂ ਸ਼ਿਵਾ ਜੀ ਕੁਝ ਵੱਡੇ ਹੋਏ ਤਾਂ ਆਪਣੇ ਪਿਤਾ ਨਾਲ ਅਣਬਣ ਹੋ ਜਾਣ ਕਾਰਨ ਬੀਜਾਪੁਰ ਛੱਡ ਕੇ ਆਪਣੀ ਮਾਤਾ ਨਾਲ ਪੁਨੇ ਆ ਕੇ ਰਹਿਣ ਲੱਗ ਪਏ। ਉਹਨਾਂ ਨੇ ਪੂਨੇ ਵਿਚ ਕੁਝ ਨੌਜਵਾਨਾਂ ਦਾ ਇਕ ਛੋਟਾ ਜਿਹਾ ਜਥਾ ਬਣਾਇਆ ਅਤੇ ਉਨ੍ਹਾਂ ਨੂੰ ਫ਼ੌਜੀ ਸਿਖਲਾਈ ਦਿੱਤੀ। ਉਨ੍ਹਾਂ ਨੌਜਵਾਨਾਂ ਦੀ ਸਹਾਇਤਾ ਨਾਲ ਉਨ੍ਹਾਂ ਨੇ ਬੀਜਾਪੁਰ ਦੇ ਮੁਸਲਮਾਨ ਹਾਕਮ ਦੇ ਕਈ ਛੋਟੇ-ਛੋਟੇ ਕਿਲ੍ਹਿਆਂ ਉੱਤੇ ਹਮਲਾ ਕਰਕੇ ਉਨ੍ਹਾਂ ‘ਤੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਕੇਵਲ 20 ਸਾਲਾਂ ਦੀ ਉਮਰ ਵਿਚ ਪੁਰੰਧਰ ਦਾ ਮਸ਼ਹੂਰ ਕਿਲ੍ਹਾ ਵੀ ਕਬਜ਼ੇ ਵਿਚ ਲੈ ਲਿਆ।

ਅਫਜ਼ਲ ਖਾਨ ਨੂੰ ਮਾਰਨਾ : ਜਦ ਬੀਜਾਪੁਰ ਦੇ ਮੁਸਲਮਾਨ ਹਾਕਮ ਨੂੰ ਸ਼ਿਵਾ ਜੀ ਦੀ ਵੱਧਦੀ ਹੋਈ ਤਾਕਤ ਦਾ ਪਤਾ ਲੱਗਾ ਤਾਂ ਉਸ ਨੂੰ ਬੜੀ ਚਿੰਤਾ ਹੋਈ। ਉਹ ਆਪਣੇ ਖੋਹੇ ਹੋਏ ਸਾਰੇ ਕਿਲ੍ਹੇ ਸ਼ਿਵਾ ਜੀ ਤੋਂ ਵਾਪਸ ਲੈਣ ਲਈ ਸਕੀਮਾਂ ਸੋਚਣ ਲੱਗਾ। ਆਖਰ ਉਸ ਨੇ ਆਪਣੇ ਮਸ਼ਹੂਰ ਜਰਨੈਲ ਅਫਜ਼ਲ ਖਾਨ ਨੂੰ ਸ਼ਿਵਾ ਜੀ ਦੀ ਵੱਧਦੀ ਹੋਈ ਸ਼ਕਤੀ ਨੂੰ ਖ਼ਤਮ ਕਰਨ ਅਤੇ ਉਸ ਨੂੰ ਕੈਦ ਕਰਨ ਲਈ ਭੇਜਿਆ। ਅਫਜ਼ਲ ਖਾਨ ਵੱਡੀ ਫ਼ੌਜ ਲੈ ਕੇ ਸ਼ਿਵਾ ਜੀ ਨੂੰ ਕੈਦ ਕਰਨ ਲਈ ਅੱਗੇ ਵਧਿਆ। ਉਸ ਨੇ ਇਕ ਭਾਰੀ ਚਾਲ ਚੱਲੀ ਕਿ ਸ਼ਿਵਾ ਜੀ ਨੂੰ ਵੱਖਰਾ ਅਤੇ ਇੱਕਲਾ ਮਿਲ ਕੇ ਉਸ ਨੂੰ ਦਬੋਚ ਲਵਾਂ, ਕਿਉਂਕਿ ਸ਼ਿਵਾ ਜੀ ਦੇ ਛੋਟੇ ਕੱਦ ਦੇ ਮੁਕਾਬਲੇ ਅਫਜ਼ਲ ਖਾਨ ਬੜੇ ਉੱਚੇ ਕੱਦ ਵਾਲਾ ਜਰਨੈਲ ਸੀ, ਪਰ ਸ਼ਿਵਾ ਜੀ ਅਫਜ਼ਲ ਖਾਨ ਤੋਂ ਜ਼ਿਆਦਾ ਚਾਲਾਕ ਨਿਕਲੇ ਅਤੇ ਜਦੋਂ ਉਹ ਉਸ ਨੂੰ ਦਬੋਚਣ ਲੱਗਾ ਤਾਂ ਸ਼ਿਵਾ ਜੀ ਨੇ ਆਪਣਾ ਲੁਕਾਇਆ ਹੋਇਆ ਖੰਜਰ ਉਸ ਦੇ ਢਿੱਡ ਵਿਚ ਖੋਭ ਕੇ ਉਸ ਨੂੰ ਮਾਰ , ਮੁਕਾਇਆ। ਅਫਜ਼ਲ਼ ਖਾਨ ਦੀ ਸਾਰੀ ਸੈਨਾ ਇਹ ਵੇਖਕੇ ਨੱਠ ਗਈ। ਇਸ ਪਿੱਛੋਂ ਬੀਜਾਪੁਰ ਦੇ ਹਾਕਮ ਨੂੰ ਮਜ਼ਬੂਰ ਹੋ ਕੇ ਸ਼ਿਵਾ ਜੀ ਨਾਲ ਸੁਲਾਹ ਕਰਨੀ ਪਈ।

ਔਰੰਗਜ਼ੇਬ ਨਾਲ ਟਾਕਰਾ : ਸ਼ਿਵਾ ਜੀ ਦੀ ਵੱਧਦੀ ਹੋਈ ਤਾਕਤ ਦੀ ਖਬਰ ਸੁਣ ਕੇ ਔਰੰਗਜ਼ੇਬ ਨੇ ਉਹਨਾਂ ਨੂੰ ਖ਼ਤਮ ਕਰਨਾ ਚਾਹਿਆ। ਇੱਧਰ ਸ਼ਿਵਾ ਜੀ ਮੁਗ਼ਲ ਸੈਨਾ ਨਾਲ ਟੱਕਰ ਲੈਣ ਲਈ ਤਿਆਰ ਸਨ। ਔਰੰਗਜ਼ੇਬ ਨੇ ਆਪਣੇ ਜਰਨੈਲ ਸ਼ਾਇਸਤਾ ਖਾਨ ਨੂੰ ਬੜੀ ਭਾਰੀ ਫੌਜ ਦੇ ਕੇ ਉਸ ਉੱਤੇ ਚੜ੍ਹਾਈ ਕਰਨ ਲਈ ਭੇਜਿਆ। ਜਿੱਥੇ ਸ਼ਾਇਸਤਾ ਖਾਨ ਨੇ ਡੇਰੇ ” ਲਗਾਏ ਹੋਏ ਸਨ, ਉੱਥੇ ਸ਼ਿਵਾ ਜੀ ਆਪਣੇ ਯੋਧਿਆਂ ਨੂੰ ਇਕ ਬਰਾਤ ਦੇ ਰੂਪ ਵਿਚ ਲੈ ਕੇ ਗਏ ਅਤੇ ਉਸ ਦੀ ਫ਼ੌਜ ਉੱਤੇ ਅਚਾਨਕ ਹਮਲਾ ਕਰ ਦਿੱਤਾ। ਸ਼ਾਇਸਤਾ ਖਾਨ ਦਾ ਪੁੱਤਰ – ਇਸ ਹਮਲੇ ਵਿਚ ਮਾਰਿਆ ਗਿਆ, ਪਰ ਉਹ ਆਪ ਜ਼ਖਮੀ ਹਾਲਤ ਵਿਚ ਆਪਣੀ ਫੌਜ ਸਣੇ ਦਿੱਲੀ ਨੂੰ ਨੱਠ ਗਿਆ।

ਧੋਖੇ ਨਾਲ ਕੈਦ ਹੋਣਾ : ਇਸ ਮਗਰੋਂ ਔਰੰਗਜ਼ੇਬ ਨੇ ਆਪਣੇ ਸਿੱਧ ਫੌਜਦਾਰ ਰਾਜਾ ਜੈ ਸਿੰਘ ਨੂੰ ਸ਼ਿਵਾ ਜੀ ਨੂੰ ਕੈਦ ਕਰਨ ਲਈ ਭੇਜਿਆ। ਜੈ ਸਿੰਘ ਨੇ ਸ਼ਿਵਾ ਜੀ ਨੂੰ ਔਰੰਗਜ਼ੇਬ ਦੀ ਮਿੱਤਰਤਾ ਦਾ ਝਾਂਸਾ ਦੇ ਕੇ ਦਿੱਲੀ ਲਈ ਮਨਾ ਲਿਆ, ਪਰ ਜਦ ਸ਼ਿਵਾ ਜੀ ਦਿੱਲੀ ਪਹੁੰਚੇ ਤਾਂ ਔਰੰਗਜ਼ੇਬ ਨੇ ਉਹਨਾਂ ਨੂੰ ਕੈਦ ਕਰ ਲਿਆ।

ਚਾਲਾਕੀ ਨਾਲ ਕੈਦ ਚੋਂ ਨਿਕਲਣਾ: ਔਰੰਗਜ਼ੇਬ ਨੇ ਆਪਣੇ ਵਲੋਂ ਬੜੀ ਚਾਲਾਕੀ ਤੋਂ ਕੰਮ ਲਿਆ, ਪਰ ਸ਼ਿਵਾ ਜੀ ਉਸ ਤੋਂ ਵੱਡੀ ਚਾਲਾਕੀ ਵਿਖਾ ਕੇ ਉਸ ਦੀ ਕੈਦ ਵਿਚੋਂ ਨਿਕਲ ਕੇ ਫਿਰ ਦੱਖਣ ਪਹੁੰਚ ਗਏ। ਦੱਖਣ ਪਹੁੰਚ ਕੇ ਉਹਨਾਂ ਨੇ ਫਿਰ ਆਪਣੀ ਫੌਜ ਇਕੱਠੀ ਕਰਕੇ ਮੁਗ਼ਲ ਜਰਨੈਲਾਂ ਤੋਂ ਉਹ ਸਾਰੇ ਕਿਲ੍ਹੇ ਖੋਹ ਲਏ, ਜਿਨ੍ਹਾਂ ਉੱਤੇ ਉਹ ਕਬਜ਼ਾ ਜਮਾਈ ਬੈਠੇ ਸਨ। ਔਰੰਗਜ਼ੇਬ ਇਹ ਸੁਣ ਕੇ ਬੜਾ ਤੜਫਿਆ, ਪਰ ਆਪਣੇ ਦੋ ਜਰਨੈਲਾਂ ਦੀ ਅਸਫਲਤਾ ਪਿੱਛੋਂ ਅਤੇ ਕੈਦ ਵਿਚ ਫੱਸੇ ਹੋਏ ਸ਼ਿਵਾ ਜੀ ਵੱਲੋਂ ਚਾਲਾਕੀ ਨਾਲ ਬੱਚ ਨਿਕਲਣ ਪਿੱਛੋਂ ਉਸ ਦਾ ਹੌਸਲਾ ਟੁੱਟ ਚੁੱਕਿਆ ਸੀ। ਉਸ ਨੇ ਆਪਣਾ ਕੋਈ ਹੋਰ ਵੱਡਾ ਜਰਨੈਲ ਸ਼ਿਵਾ ਜੀ ਨਾਲ ਟੱਕਰ ਲੈਣ ਲਈ ਨਾ ਭੇਜਿਆ।

ਤਾਜਪੋਸ਼ੀ : ਮੁਗ਼ਲ ਸ਼ਹਿਨਸ਼ਾਹ ਦਾ ਲੱਕ ਤੋੜ ਕੇ ਸ਼ਿਵਾ ਜੀ ਨੇ ਰਾਜਗੜ ਦੇ ਕਿਲੇ ਵਿਚ ਤਾਜ-ਪਹਿਨਣ ਦੀ ਰਸਮ ਅਦਾ ਕੀਤੀ ਅਤੇ ਸੰਨ 1674 ਵਿਚ ਦੱਖਣੀ ਭਾਰਤ ਦਾ ਸੁਤੰਤਰ ਛੱਤਰਧਾਰੀ ਰਾਜਾ ਹੋਣ ਦਾ ਐਲਾਨ ਕੀਤਾ।

ਅਕਾਲ ਚਲਾਣਾ : 6 ਸਾਲ ਆਜ਼ਾਦ ਰਾਜ ਕਰਨ ਮਗਰੋਂ ਸ਼ਿਵਾਜੀ ਸੰਨ 1680 ਵਿਚ ਅਕਾਲ ਚਲਾਣਾ ਕਰ ਗਏ । ਉਹ ਇਕ ਬੜਾ ਬਹਾਦਰ ਯੋਧਾ ਅਤੇ ਨੇਕ-ਦਿਲ ਰਾਜਾ ਸੀ। ਪੱਕਾ ਹਿੰਦੂ ਹੁੰਦੇ ਹੋਏ ਵੀ ਉਹ ਸਭ ਧਰਮਾਂ ਦੇ ਲੋਕਾਂ ਨੂੰ ਇਕ ਸਮਾਨ ਸਮਝਦਾ ਸੀ। ਭਾਵੇਂ । ਔਰੰਗਜ਼ੇਬ ਨੇ ਹਿੰਦੂਆਂ ਦੇ ਕਈ ਮੰਦਰ ਢਾਹੇ ਸਨ, ਪਰ ਸ਼ਿਵਾ ਜੀ ਨੇ ਮੁਸਲਮਾਨਾਂ ਦੀਆਂ ਮਸਜਿਦਾਂ ਦੀ ਰੱਖਿਆ ਕਰਕੇ ਵਿਖਾਈ। ਉਹ ਗਊ, ਬ੍ਰਾਹਮਣ ਅਤੇ ਸਭ ਮਨੁੱਖਤਾ ਦਾ ਰੱਖਿਅਕ ਸੀ। ਉਸ ਨੇ ਭਾਰਤ ਵਿਚ ਆਜ਼ਾਦ ਹਿੰਦੂ ਰਾਜ ਦੀ ਨੀਂਹ ਰੱਖ ਦਿੱਤੀ। ਸਾਰੇ ਭਾਰਤ ਨੂੰ ਉਸ ਦੀ ਬਹਾਦਰੀ ਉੱਤੇ ਮਾਣ ਹੈ।

Leave a Reply